ਚੰਡੀਗੜ੍ਹ, 10 ਜੁਲਾਈ, 2020: ਪਿਛਲੇ ਦਿਨੀਂ ਦੋ ਆਈ.ਏ.ਐਸ ਅਤੇ 14 ਪੀ.ਸੀ.ਐਸ ਅਫਸਰਾਂ ਨੂੰ ਕੋਰੋਨ ਪਾਜ਼ਿਟਿਵ ਆਉਣ ਤੋਂ ਬਾਅਦ ਪੰਜਾਬ ਦੀ ਅਫਸਰਸ਼ਾਹੀ 'ਤੇ ਕੋਰੋਨਾ ਬੁਰੀ ਤਰ੍ਹਾਂ ਹਾਵੀ ਹੋ ਰਿਹਾ ਜਾਪਦਾ ਹੈ। 40 ਪੀ.ਸੀ.ਐੱਸ. ਅਧਿਕਾਰੀਆਂ ਵੱਲੋਂ 4 ਜੁਲਾਈ ਨੂੰ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ 11 ਅਫਸਰਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ਿਟਿਵ ਆਈਆਂ।
ਇੰਨਾ ਹੀ ਨਹੀਂ, ਮੀਟਿੰਗ ਤੋਂ ਬਾਅਦ ਅਧਿਕਾਰੀਆਂ ਨੇ ਸਿਵਲ ਸਕੱਤਰੇਤ ਵਿੱਚ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦੇ ਦਫ਼ਤਰ ਵਿੱਚ ਡਿਪਟੀ ਸੈਕਟਰੀ ਦੇ ਅਹੁਦੇ ’ਤੇ ਤਾਇਨਾਤ ਇੱਕ ਪੀ.ਸੀ.ਐਸ ਅਧਿਕਾਰੀ ਵੀ ਇੰਨ੍ਹਾਂ ਅਧਿਕਾਰੀਆਂ ਨੂੰ ਮਿਲ ਚੁੱਕਾ ਹੈ। ਇਸ ਮੀਟਿੰਗ 'ਚ ਸ਼ਾਮਲ ਮਨਜੀਤ ਸਿੰਘ ਚੀਮਾ, ਐਸ.ਡੀ.ਐਮ., ਦਿੜਬਾ (ਸੰਗਰੂਰ) ਅਤੇ ਸੰਜੀਵ ਸ਼ਰਮਾ, ਐਸ.ਡੀ.ਐਮ., ਸ਼ਾਹਕੋਟ (ਜਲੰਧਰ) ਅਤੇ ਮਨਕੰਵਲ ਸਿੰਘ ਐਸ.ਡੀ.ਐਮ., ਪਾਇਲ (ਲੁਧਿਆਣਾ) ਦੀਆਂ ਕੋਰੋਨਾ ਰਿਪੋਰਟਾਂ 9 ਜੁਲਾਈ ਨੂੰ ਪਾਜ਼ਿਟਿਵ ਆਈਆਂ।
ਡੀ.ਸੀ ਰੋਪੜ ਸੋਨਾਲੀ ਗਿਰੀ ਦੀ ਬੀਤੇ ਕੱਲ੍ਹ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਅਤੇ ਉਨ੍ਹਾਂ ਦੇ ਪਤੀ ਵਿਪੁਲ ਉਜਵਲ, ਆਈ.ਏ.ਐਸ ਅਫਸਰ ਦੀ ਰਿਪੋਰਟ ਵੀ ਪਾਜ਼ਿਟਿਵ ਆਈ। ਰੋਪੜ ਡੀ.ਸੀ ਸੋਨਾਲੀ ਗਿਰੀ ਦੀ ਰਿਪੋਰਟ ਐਸ.ਡੀ.ਐਮ ਰੋਪੜ ਦੀ ਰਿਪੋਰਟ ਪਾਜ਼ਿਟਿਵ ਹੋਣ ਤੋਂ ਬਾਅਦ ਆਈ।
ਹੁਣ ਤੱਕ ਸੂਬੇ ਦੇ 2 ਆਈ.ਏ.ਐਸ. ਅਫਸਰ ਅਤੇ 14 ਪੀ.ਸੀ.ਐੱਸ. ਅਫਸਰਾਂ ਨੂੰ ਕੋਰੋਨਾ ਹੋ ਚੁੱਕਾ ਹੈ ਅਤੇ ਫਿਲਹਾਲ ਪੰਜ ਅਧਿਕਾਰੀਆਂ ਦੇ ਟੈਸਟ ਨਤੀਜੇ ਆਉਣੇ ਅਜੇ ਬਾਕੀ ਹਨ।
ਉਥੇ ਹੀ 5 ਜੁਲਾਈ ਨੂੰ ਮਨਕੰਵਲ ਸਿੰਘ, ਐਸ.ਡੀ.ਐਮ. ਪਾਇਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉਚੀ ਵਿੱਚ ਗਏ ਸਨ। ਫਿਲਜਾਲ ਇਸ ਬਾਰੇ ਕੋਈ ਖ਼ਬਰ ਨਹੀਂ ਹੈ ਕਿ ਸਿਹਤ ਮੰਤਰੀ ਦੀ ਜਾਂਚ ਕੀਤੀ ਗਈ ਹੈ ਜਾਂ ਨਹੀਂ।
ਰੱਬੋਂ ਉੱਚੀ ਵਿਖੇ ਹੋਏ ਇਸ ਸਮਾਰੋਹ ਵਿੱਚ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ, ਫਤਹਿਗੜ੍ਹ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ, ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਖੰਨਾ ਪੁਲਿਸ ਦੇ ਐਸ.ਐਸ.ਪੀ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ।
ਇਸ ਸਬੰਧ ਵਿੱਚ ਲੁਧਿਆਣਾ ਸਭ ਤੋਂ ਮੁਸ਼ਕਿਲ ਘੜੀ 'ਚ ਹੈ ਕਿਉਂਕਿ ਮਨਕੰਵਲ ਸਿੰਘ ਅਤੇ ਜ਼ਿਲ੍ਹੇ ਵਿੱਚ ਤਾਇਨਾਤ ਏ.ਡੀ.ਸੀ (ਜਨਰਲ) ਅਮਰਜੀਤ ਸਿੰਘ ਬੈਂਸ ਸਮੇਤ ਚਾਰ ਪੀਸੀਐਸ ਅਧਿਕਾਰੀਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ।
ਪਾਜ਼ਿਟਿਵ ਆਏ ਅਧਿਕਾਰੀਆਂ ਨਾਲ ਸੰਪਰਕ ਵਿੱਚ ਆਏ ਕਰੀਬ 300 ਜਣਿਆਂ ਨੂੰ ਆਪਣੇ ਪਰਿਵਾਰਾਂ ਸਣੇ ਸਿਹਤ ਵਿਭਾਗ ਨੇ ਆਪੋ ਆਪਣੇ 'ਚ ਕੁਆਰੰਟੀਨ ਕਰਨ ਲਈ ਆਖਿਆ ਹੈ।