ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ, 10 ਜੁਲਾਈ 2020 - ਅੱਜ ਪਿੰਡ ਮਾਣਕਪੁਰ ਸ਼ਰੀਫ ਡੀ ਕੇ ਭੱਠੇ 'ਤੇ ਵਿਸ਼ਵ ਅਬਾਦੀ ਦਿਵਸ ਮੌਕੇ ਪਰਿਵਾਰ ਨਿਯੋਜਨ ਦੇ ਸਾਧਨਾ ਬਾਰੇ ਕੀਤਾ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ.ਦਿਲਬਾਗ ਸਿੰਘ ਸੀਨੀਅਰ ਮੈਡੀਕਲ ਅਫਸਰ ਪ੍ਰਾਈਮਰੀ ਹੈਲਥ ਸੈਂਟਰ ਬੂਥਗੜ੍ਹ ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਭਾਰਤ ਵਿੱਚ ਵੱਧ ਰਹੀ ਅਬਾਦੀ ਦੇਸ਼ ਦੀ ਤਰੱਕੀ ਨੂੰ ਖਾ ਰਹੀ ਹੈ। ਇਸ ਲਈ ਸਮਾਜਿਕ ਵਿਕਾਸ ਵਿੱਚ ਆ ਰਹੀਆਂ ਔਕੜਾਂ ਨੂੰ ਮੁੱਖ ਰੱਖਦਿਆਂ ਅਬਾਦੀ ਤੇ ਰੋਕ ਲਗਾਉਣਾ ਜਰੂਰੀ ਹੈ। ਇਸ ਮੁਹਿੰਮ ਤਹਿਤ 10 ਜੁਲਾਈ ਤੱਕ ਸਮੂਹ ਯੋਗ ਜੋੜਿਆਂ ਨੂੰ ਪਰਿਵਾਰ ਦੀ ਯੋਜਨਾਂ ਬੰਦੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਡਾ.ਦਿਲਬਾਗ ਨੇ ਇਸ ਸਾਲ ਦੇ ਸਲੋਗਨ :-
ਆਪਦਾ ਵਿੱਚ ਪਰਿਵਾਰ ਨਿਯੋਜਨ ਦੀ ਤਿਆਰੀ
ਸਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ
ਬਾਰੇ ਦੱਸਦੇ ਹੋਏ ਕਿਹਾ ਕਿ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਵੱਧ ਰਹੀ ਅਬਾਦੀ ਵਿੱਚ ਸਥਿਰਤਾ ਲਿਆਉਣ, ਪ੍ਰਜਨਨ ਸਿਹਤ ਨੂੰ ਵਧਾਵਾ ਦੇਣ ਮਾਂਵਾ ਅਤੇ ਨਵਜਾਤ ਬੱਚਿਆਂ ਦੀ ਮੌਤ ਦੀ ਦਰ ਨੂੰ ਘੱਟ ਕਰਨਾ ਵੀ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਹੈ। ਡਾ.ਦਿਲਬਾਗ ਨੇ ਪੰਜਾਬ ਸਰਕਾਰ ਵੱਲੋਂ ਫੈਮਿਲੀ ਪਲਾਨਿੰਗ ਦੇ ਤਰੀਕਿਆਂ ਬਾਰੇ ਬੌਲਦਿਆਂ ਵੱਖ-ਵੱਖ ਸਾਧਨਾਂ ਜਿਵੇਂ ਨਸਬੰਦੀ, ਨਲਬੰਦੀ, ਨਿਰੋਧ, ਕਾਪਰ-ਟੀ, ਗਰਭ ਨਿਰੋਧਕ ਗੋਲੀਆਂ, ਅੰਤਰਾ ਟੀਕੇ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਦੱਸਿਆ ਕਿ ਫੈਮਿਲੀ ਪਲਾਨਿੰਗ ਦੇ ਗਰਭ ਰੋਕੂ ਟੀਕਾ ਅੰਤਰਾ ਜਿਲ੍ਹਾ ਪੱਧਰ ਤੇ ਜਨਾਨਾ ਮਾਹਿਰ ਡਾਕਟਰ ਦੀ ਦੇਖ ਰੇਖ ਵਿੱਚ ਮੁਫਤ ਲਗਾਇਆ ਜਾ ਰਿਹਾ ਹੈ ਜਿਸ ਨਾਲ ਤਿੰਨ ਮਹੀਨੇ ਵਿੱਚ ਇੱਕ ਟੀਕਾ ਲਗਵਾਉਣ ਤੇ ਗਰਭ ਧਾਰਨ ਕਰਨ ਤੋਂ ਬਚਿਆ ਜਾ ਸਕਦਾ ਹੈ। ਫੈਮਿਲੀ ਪਲਾਨਿੰਗ ਬਾਰੇ ਹੋਰ ਵਿਸਥਾਰ ਵਿੱਚ ਦੱਸਦੇ ਹੋਏ ਡਾ. ਦਿਲਬਾਗ ਨੇ ਦੱਸਿਆ ਕਿ ਭਾਵੇਂ ਗਰਭ ਰੋਕਣ ਲਈ ਗੋਲੀਆਂ ਅਤੇ ਨਿਰੋਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲੇਕਿਨ ਕਾਪਰ-ਟੀ ਸੱਭ ਤੋਂ ਵਧੀਆ ਅਤੇ ਸੋਖਾ ਤਰੀਕਾ ਹੈ ਨਾਲ ਹੀ ਉਹਨਾਂ ਸਥਾਈ ਢੰਗ ਅਪਨਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਔਰਤਾਂ ਦੇ ਮੁਕਾਬਲੇ ਮਰਦਾਂ ਦਾ ਅਪਰੇਸ਼ਨ ਸੌਖਾ ਹੁੰਦਾ ਹੈ ਅਤੇ ਅਪਰੇਸ਼ਨ ਤੋਂ ਬਾਅਦ ਕਿਸੇ ਕਿਸਮ ਦੀ ਮਰਦਾਨਾ ਕਮਜੋਰੀ ਜਾਂ ਮੁਸ਼ਕਿਲ ਨਹੀਂ ਆਉਂਦੀ।
ਜਿਸ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵੱਖ ਵੱਖ ਸਾਧਨਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਡਾ.ਦਿਲਬਾਗ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ/ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਤੰਦਰੁਸਤ ਬਨਾਉਣ ਲਈ ਨੈਸ਼ਨਲ ਹੈਲਥ ਮਿਸ਼ਨ ਹੇਠ ਅਨੇਕ ਸਿਹਤ ਸਬੰਧੀ ਮੁਫਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਜੱਚਾ ਬੱਚਾ ਸੁਰੱਖਿਅਤ ਰਹੇ। ਅਬਾਦੀ ਤੇ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਰਤਵ ਅਭਿਆਨ, ਜਨਨੀ ਸਿਸ਼ੂ ਸੁਰੱਖਿਆ ਕਾਰਿਆਕਰਮ, ਜਨਨੀ ਸੁੱਰਖਿਆ ਯੋਜਨਾ ਤੋਂ ਇਲਾਵਾ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਚੰਗਾ ਨਤੀਜਾ ਕੱਢਣਾ ਹੈ ਤਾਂ ਆਪਣੇ ਪਰਿਵਾਰ ਨੂੰ ਦੋ ਬੱਚਿਆਂ ਤੱਕ ਸੀਮਤ ਰੱਖੋ ਭਾਵੇਂ ਲੜਕਿਆਂ ਹੋਣ ਜਾਂ ਲੜਕੇ। ਇਸ ਮੌਕੇ ਤੇ ਭੱਠੇ ਦੀ ਲੇਬਰ ਅਤੇ ਸਿਹਤ ਵਿਭਾਗ ਦੇ ਗੁਰਤੇਜ ਸਿੰਘ ਐਸ.ਆਈ , ਵਿਕਰਮ ਕੁਮਾਰ ਬੀ.ਈ.ਈ, ਅਨੂਪ੍ਰੀਤ ਸਿੰਘ, ਮਨਪ੍ਰੀਤ ਕੌਰ ਵਰਕਰ, ਮਨਜੀਤ ਕੌਰ ਆਸ਼ਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜਰ ਸਨ।