ਰਜਨੀਸ਼ ਸਰੀਨ
ਨਵਾਂਸ਼ਹਿਰ, 10 ਜੁਲਾਈ 2020 - ਅੱਜ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਅਤੇ ਜਨਤਕ ਜਥੇਬੰਦੀਆਂ ਦਾ ਇਕ ਵਫਦ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਨੂੰ ਮਿਲਿਆ ਜਿਸਨੇ ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਉੱਤੇ ਪੁਲਸ ਕੇਸ ਦਰਜ ਕਰਨ ਅਤੇ ਪੁਲਸ ਵਲੋਂ ਆਗੂਆਂ ਦੇ ਘਰ ਛਾਪੇ ਮਾਰਨ ਤੇ ਇਤਰਾਜ਼ ਉਠਾਏ। ਬਾਅਦ ਵਿਚ ਆਗੂਆਂ ਦਲਜੀਤ ਸਿੰਘ ਐਡਵੋਕੇਟ, ਜਸਬੀਰ ਦੀਪ, ਸੁਤੰਤਰ ਕੁਮਾਰ, ਸੋਹਣ ਸਿੰਘ ਸਲੇਮਪੁਰੀ, ਪ੍ਰਿੰਸੀਪਲ ਇਕਬਾਲ ਸਿੰਘ, ਮੁਕੰਦ ਲਾਲ, ਬੀਬੀ ਗੁਰਬਖਸ਼ ਕੌਰ ਸੰਘਾ, ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਨਵਾਂਸ਼ਹਿਰ ਪੁਲਸ ਨੇ 12 ਮਈ 27 ਮਈ, 7ਜੁਲਾਈ ਅਤੇ 8 ਜੁਲਾਈ ਦੀਆਂ ਤਾਰੀਖਾਂ ਵਿਚ ਸੰਘਰਸ਼ਸ਼ੀਲ ਆਗੂਆਂ ਅਤੇ ਵਰਕਰਾਂ ਉੱਤੇ ਪੰਜ ਕੇਸ ਦਰਜ ਕੀਤੇ ਹਨ ।ਉਹਨਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸੰਘਰਸ਼ ਕਰਨਾ ਜਥੇਬੰਦੀਆਂ ਦਾ ਸੰਵਿਧਾਨਕ ਅਤੇ ਬੁਨਿਆਦੀ ਅਧਿਕਾਰ ਹੈ ।ਉਹਨਾਂ ਕਿਹਾ ਕਿ ਆਗੂਆਂ ਦੀ ਗ੍ਰਿਫਤਾਰੀ ਲਈ ਮਾਰੇ ਜਾਂਦੇ ਪੁਲਸ ਛਾਪਿਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ । ਕੋਰੋਨਾ ਦੇ ਨਾਂਅ ਹੇਠਲੋਕਾਂ ਦਾ ਸੰਘਰਸ਼ ਕਰਨ ਦਾ ਹੱਕ ਕੁਚਲਿਆ ਨਹੀਂ ਜਾ ਸਕਦਾ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਸਬੰਧੀ ਅਤੇ ਬਿਜਲੀ ਸਬੰਧੀ ਆਰਡੀਨੈਂਸਾ ਦੇ ਮਾਮਲੇ ਵਿਚ ਪੰਜਾਬ ਦੀ ਕੈਪਟਨ ਸਰਕਾਰ ਦਾ ਦੋਗਲਾਪਣ ਸਪੱਸ਼ਟ ਹੋ ਗਿਆ ਹੈ । ਇਹ ਸਰਕਾਰ ਇਹਨਾਂ ਆਰਡੀਨੈਂਸਾ ਦਾ ਵਿਰੋਧ ਕਰਨ ਦਾ ਦਿਖਾਵਾ ਵੀ ਕਰਦੀ ਹੈ ਅਤੇ ਇਹਨਾਂ ਆਰਡੀਨੈਂਸਾ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਅਤੇ ਜਥੇਬੰਦੀਆਂ ਉੱਤੇ ਪੁਲਸ ਕੇਸ ਵੀ ਦਰਜ ਕਰਦੀ ਹੈ ।ਉਹਨਾਂ ਕਿਹਾ ਕਿ ਪੁਲਸ ਕੇਸ ਦਰਜ ਕਰਕੇ ਲੋਕ ਉਭਾਰ ਨੂੰ ਦਬਾਇਆ ਨਹੀਂ ਜਾ ਸਕਦਾ।