ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2020 - ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਰਾਹੀਂ ਮੰਗ-ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਭੇਜਿਆ ਹੈ। ਜਿਲ੍ਹਾ ਪ੍ਰਧਾਨ ਯੁੱਧਜੀਤ ਸਿੰਘ, ਸੂਬਾ ਕਮੇਟੀ ਮੈਂਬਰ ਤਜਿੰਦਰ ਮਾਨਵਾਲਾ, ਸੂਬਾ ਕਮੇਟੀ ਮੈਂਬਰ ਦਿਲਬਾਗ ਸਿੰਘ ਪੰਜਾਵਾ, ਗੁਰਮੁਖ ਸਿੰਘ ਨਸੀਬਪੁਰਾ ਤੇ ਗੁਰਪ੍ਰੀਤ ਪੱਕਾ ਕਲਾਂ ਦੀ ਅਗਵਾਈ ‘ਚ ਆਏ ਵਫ਼ਦ ਨੇ ਦੱਸਿਆ ਕਿ ਵਿੱਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਨੌਕਰੀ ਉਡੀਕਦਿਆਂ ਭਰਤੀ ਲਈ ਨਿਰਧਾਰਤ ਉਮਰ-ਹੱਦ ਲੰਘਾ ਚੁੱਕੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੀ ਉਮਰ-ਹੱਦ 37 ਤੋਂ 42 ਸਾਲ ਕਰਵਾਉਣ ਲਈ ਉਹ ਆਪਣੇ ਵੱਲੋਂ ਮੁੱਖ ਮੰਤਰੀ ਤੱਕ ਆਵਾਜ਼ ਪਹੁੰਚਾਉਣ। ਆਗੂਆਂ ਨੇ ਕਿਹਾ ਕਿ 17 ਜੁਲਾਈ ਨੂੰ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨਗੇ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਕਰੀਬ 2.5 ਲੱਖ ਨਵੇਂ ਦਾਖਲੇ ਵਧੇ ਹਨ, ਇਹ ਅੰਕੜਾ ਘੱਟੋ-ਘੱਟ 5 ਲੱਖ ਤੱਕ ਵਧਣ ਦੀ ਉਮੀਦ ਹੈ।
ਇਸ ਲਈ ਬਾਰਡਰ-ਕੇਡਰ ਅਧੀਨ ਕੱਢੀਆਂ ਅਸਾਮੀਆਂ ’ਚ ਵਾਧਾ ਕਰਦਿਆਂ ਮਾਸਟਰ-ਕਾਡਰ ਦੀਆਂ 15,000 ਅਸਾਮੀਆਂ ’ਤੇ ਪੂਰੇ ਪੰਜਾਬ ਲਈ ਭਰਤੀ ਕੀਤੀ ਜਾਵੇ। ਸਮਾਜਿਕ ਸਿੱਖਿਆ ਦੀਆਂ ਘੱਟੋਂ-ਘੱਟ 3000, ਪੰਜਾਬੀ ਦੀਆਂ 2500, ਹਿੰਦੀ ਦੀਆਂ 2000, ਸੰਸਕਿ੍ਰਤ ਦੀਆਂ 1000, ਡਰਾਇੰਗ ਦੀਆਂ 1000 ਦੀਆਂ ਅਸਾਮੀਆਂ ਹਰ ਹਾਲਤ ’ਚ ਵਧਾਈਆਂ ਜਾਣ ਅਤੇ ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕੀਤਾ ਜਾਵੇ । ਉਨਾਂ ਕਿਹਾ ਕਿ ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਧੇ ਮੁਤਾਬਕ 2500/- ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਅਤੇ ਨਿੱਜੀ ਸਕੂਲਾਂ ਨੂੰ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ ।