ਅਸ਼ੋਕ ਵਰਮਾ
- 3 ਵਿਅਕਤੀ ਠੀਕ ਹੋ ਕੇ ਘਰ ਪਰਤੇ
ਬਠਿੰਡਾ, 10 ਜੁਲਾਈ 2020 - ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਅੱਜ 15 ਇਕੱਠੇ ਨਵੇਂ ਮਾਮਲਾ ਸਾਹਮਣੇ ਆਉਣ ਨਾਲ ਸਥਿਤੀ ਗੰਭੀਰ ਹੋਣ ਵੱਲ ਵਧ ਰਹੀ ਹੈ ਜਿਸ ਨੂੰ ਲੈਕੇ ਸਿਹਤ ਵਿਭਾਗ ਫਿਕਰਮੰਦ ਹੋ ਗਿਆ ਹੈ। ਡਾ: ਕੁੰਦਨ ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ’ਚ ਜੋ 15 ਲੋਕਾਂ ਦੀਆਂ ਕੋਰੋਨਾ ਪਾਜ਼ੀਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਉਨ੍ਹਾਂ ਵਿਚੋਂ 13 ਇੱਥੋ ਦੀ ਇੱਕ ਉਦਯੋਗਿਕ ਇਕਾਈ ਨਾਲ ਸਬੰਧਤ ਹਨ ਜਦੋਂ ਕਿ ਇੱਕ ਵਿਅਕਤੀ ਪੇਂਡੂ ਅਤੇ ਇੱਕ ਸ਼ਹਿਰੀ ਖੇਤਰ ਨਾਲ ਸਬੰਧਤ ਹੈ। ਜਿਲੇ ’ਚ ਇਸ ਵੇਲੇ ਤੱਕ ਕਰੋਨਾ ਨਾਲ ਸਬੰਧਤ 14459 ਨਮੂਨੇ ਲਏ ਗਏ ਹਨ ਜਿੰਨਾਂ ਵਿਚੋਂ ਸਿਰਫ 182 ਦੇ ਨਮੂਨੇ ਪਾਜਿਟਿਵ ਆਏ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਤੱਕ 117 ਵਿਅਕਤੀ ਕਰੋਨਾਂ ਨੂੰ ਮਾਤ ਪਾ ਕੇ ਆਪੋ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜ਼ਿਲ੍ਹੇ ਅੰਦਰ 5 ਮੌਤਾਂ ਹੋ ਚੁੱਕੀਆ ਹਨ ਜਿਨਾਂ ਵਿਚੋਂ 4 ਵਿਅਕਤੀ ਜ਼ਿਲ੍ਹੇ ਨਾਲ ਅਤੇ ਇੱਕ ਬਾਹਰਲੇ ਜ਼ਿਲੇ ਨਾਲ ਸਬੰਧਤ ਸੀ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਅਪੀਲ ਕੀਤੀ ਹੈ ਕਿ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਸਕ ਪਾਉਣਾ ਯਕੀਨੀ ਬਣਾਉਣ, ਵਾਰ-ਵਾਰ ਹੱਥ ਧੋਣ ਅਤੇ ਲਗਭਗ 2-2 ਗਜ਼ ਦੀ ਆਪਸੀ ਦੂਰੀ ਬਣਾ ਕੇ ਰੱਖਣ ਤਾਂ ਜੋ ਇਸ ਮਹਾਂਮਾਰੀ ਨੂੰ ਮਾਤ ਪਾਈ ਜਾ ਸਕੇ।