ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ, 10 ਜੁਲਾਈ 2020 - ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਿਹ' ਤਹਿਤ ਲੋਕਾਂ ਨੂੰ ਪਾਣੀ ਇਕੱਤਰ ਵਾਲੇ ਸਥਾਨਾਂ, ਕੂਲਰਾਂ ਅਤੇ ਫਾਲਤੂ ਚੀਜਾਂ ਦੀ ਸਾਫ਼ ਸਫ਼ਾਈ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਖਰੜ ਸ੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਡੇਂਗੂ ਲਾਰਵਾ ਦੀ ਪਹਿਚਾਣ ਕੀਤੀ ਗਈ।
ਲਾਰਵਾ ਵਿਰੋਧੀ ਸੈਲ ਵਲੋਂ ਚਨਾਲੋ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਲਾਰਵਾ ਵਿਰੋਧੀ ਸੈਲ ਵਲੋਂ ਚਨਾਲੋਂ ਵਿਚ 8 ਕੂਲਰਾਂ ਵਿਚੋਂ ਡੇਂਗੂ ਲਾਰਵਾ ਦੀ ਪਹਿਚਾਣ ਕੀਤੀ ਗਈ। ਜਾਂਚ ਦੌਰਾਨ ਟੀਮਾਂ ਵਲੋਂ 37 ਘਰਾਂ ਅਤੇ 112 ਕੰਨਟੇਨਰਾਂ ਅਤੇ ਫਾਲਤੂ ਚੀਜ਼ਾਂ ਦੀ ਜਾਂਚ ਕੀਤੀ ਅਤੇ 38 ਕੰਨਟੇਨਰ ਖਾਲੀ ਕਰਵਾਏ।
ਇਸ ਮੌਕੇ ਐਸਐਮਓ ਸੀਐਚਸੀ ਕੁਰਾਲੀ ਡਾ. ਭੁਪਿੰਦਰ ਸਿੰਘ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਥਾਵਾਂ 'ਤੇ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦਾ ਮੁੱਖ ਮੰਤਵ ਡੇਂਗੂ ਲਾਰਵਾ ਦੇ ਪੈਦਾ ਹੋਣ ਵਾਲੇ ਸਥਾਨਾਂ ਦੀ ਪਹਿਚਾਣ ਕਰਨਾ ਹੈ।
ਇਸ ਤੋਂ ਇਲਾਵਾ ਪੀਐਚਸੀ ਬੂਥਗੜ੍ਹ ਦੀ ਟੀਮ ਨੇ 352 ਘਰਾਂ ਦੀ ਜਾਂਚ ਕੀਤੀ ਗਈ। ਇਹਨਾਂ ਵਿਚੋਂ ਕਿਸੇ ਵੀ ਘਰ ਵਿਚੋਂ ਡੇਂਗੂ ਦਾ ਲਾਰਵਾ ਨਹੀਂ ਪਾਇਆ ਗਿਆ। ਇਸ ਦੇ ਨਾਲ ਹੀ ਪੰਚਾਇਤਾਂ ਦੇ ਸਹਿਯੋਗ ਨਾਲ 12 ਛੱਪੜਾਂ ਵਿਚ ਕਾਲੇ ਤੇਲ ਦੀ ਵਰਤੋਂ ਕੀਤੀ ਗਈ।