ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2020 - ਬਠਿੰਡਾ ਦੀ ਕੱਚਾ ਧੋਬੀਆਣਾ ਬਸਤੀ ’ਚ ਰਹਿਣ ਵਾਲੇ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਪੁਲਿਸ ਵੱਲੋਂ ਮ੍ਰਿਤਕ ਅਮਨਦੀਪ ਸਿੰਘ ਪੁੱਤਰ ਨਿੱਕਾ ਸਿੰਘ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਮਾਂ ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਲੜਕੇ ਦੀ ਸ਼ਾਦੀ ਕਰੀਬ 4 ਸਾਲ ਪਹਿਲਾਂ ਹੋਈ ਸੀ। ਉਨਾਂ ਦੱਸਿਆ ਕਿ ਉਸਦੀ ਨੂੰਹ ਦੇ ਕਿਸੇ ਨਾਲ ਕਥਿਤ ਪ੍ਰੇਮ ਸਬੰਧ ਸਨ। ਇਸ ਕੰਮ ’ਚ ਉਸ ਦੀ ਭੈਣ ਉਸ ਨੂੰ ਸਹਿਯੋਗ ਦਿੰਦੀ ਸੀ। ਉਨ੍ਹਾਂ ਦੱਸਿਆ ਕਿ ਨੂੰਹ ਦੇ ਇਨ੍ਹਾਂ ਮਾੜੇ ਕੰਮਾਂ ਦਾ ਉਸ ਦੀ ਮਾਂ ਤੇ ਭਰਾਵਾਂ ਨੂੰ ਵੀ ਪਤਾ ਸੀ ਜਿਨ੍ਹਾਂ ਨੂੰ ਕਈ ਵਾਰ ਉਨ੍ਹਾਂ ਦੀ ਲੜਕੀ ਨੂੰ ਸਮਝਾਉਣ ਲਈ ਕਿਹਾ ਪਰ ਉਹ ਨਾ ਸਮਝੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਹ ਆਪਣੇ ਪਤੀ ਸਮੇਤ ਕਿਰਾਏ ਦੇ ਮਕਾਨ ’ਚ ਇਹ ਕਹਿ ਕੇ ਰਹਿਣ ਲੱਗ ਪਈ ਸੀ। ਉਸ ਨੇ ਕਿਹਾ ਕਿ ਜਾਂ ਤਾਂ ਉਸ ਨੂੰ ਤਲਾਕ ਦੇ ਦੇਵੇ ਜਾਂ ਕਿਰਾਏ ’ਤੇ ਰਹਿਣ ਲੱਗ ਜਾਏ।
ਉਨ੍ਹਾਂ ਦੱਸਿਆ ਕਿ ਇਸ ਕਾਰਨ ਉਸ ਦਾ ਲੜਕਾ ਤੇ ਨੂੰਹ ਊਧਮ ਸਿੰਘ ਨਗਰ ’ਚ ਰਹਿਣ ਲੱਗ ਪਏ ਸੀ ਜਿੱਥੇ ਕੁੱਝ ਦਿਨ ਰਹਿਣ ਮਗਰੋਂ ਉਸਦੀ ਨੂੰਹ ਚਲੀ ਗਈ। ਨੂੰਹ ਦਾ ਪਤਾ ਉਸਦੇ ਪੁੱਤ ਨੂੰ ਸ਼ਾਮ ਨੂੰ ਕੰਮ ਤੋਂ ਘਰ ਆਏ ਨੂੰ ਲੱਗਿਆ। ਬਲਜੀਤ ਕੌਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਉਸਦੀ ਕਾਫੀ ਭਾਲ ਕੀਤੀ ਪਰ ਕਿਧਰਿਓਂ ਨਾ ਮਿਲਣ ਕਾਰਨ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਉਨ੍ਹਾਂ ਕਈ ਵਿਅਕਤੀਆਂ ਦੇ ਨਾਵਾਂ ਸਮੇਤ ਦੱਸਿਆ ਕਿ ਉਹ ਉਸਦੇ ਲੜਕੇ ਨੂੰ ਧਮਕੀਆਂ ਦਿੰਦੇ ਸਨ ਕਿ ਉਸ ਸਮੇਤ ਉਸਦੀ ਮਾਂ ਨੂੰ ਮਰਵਾ ਦਿੱਤਾ ਜਾਵੇਗਾ। ਇਨ੍ਹਾਂ ਧਮਕੀਆਂ ਤੋਂ ਡਰ ਕੇ ਉਸਨੇ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਦੀ ਮਾਂ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।