ਜੀ ਐਸ ਪੰਨੂ
ਨਾਭਾ/ਪਟਿਆਲਾ, 10 ਜੁਲਾਈ 2020 - ਪਟਿਆਲਾ ਪੁਲਿਸ ਨੇ ਕੱਲ੍ਹ ਸ਼ਾਮ ਜੇਲ੍ਹ ਪ੍ਰਸ਼ਾਸਨ ਨਾਲ ਮਿਲਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਵਿਚ ਦੇਰ ਸ਼ਾਮ ਤੱਕ ਚੱਲੇ ਸਰਚ ਉਪਰੇਸ਼ਨ ਦੌਰਾਨ ਨਾਨ-ਲਾਇਨਰ ਜੰਕਸ਼ਨ ਡੀਟੈਕਸ਼ਨ ਦੀ ਮਦਦ ਅਤੇ ਹੱਥਾਂ ਨਾਲ ਕੀਤੀ ਗਈ ਪੁਟਾਈ ਨਾਲ ਜੇਲ੍ਹ ਦੀ ਬੈਰਕ ਨੰਬਰ 6, ਜਿੱਥੇ ਕਿ ਅਨਲਾਅ ਫੁਲ ਐਕਟੀਵਿਟੀ ਐਕਟ ਤਹਿਤ ਦਰਜ ਮੁਕਦਮਿਆਂ ਦੇ ਬੰਦੀਆਂ ਨੂੰ ਬੰਦ ਕੀਤਾ ਗਿਆ ਹੈ, ਦੀਆਂ ਕੰਧਾਂ ਦੀਆਂ ਨੀਹਾਂ ਤੇ ਹੋਰ ਥਾਵਾਂ ਤੋਂ 8 ਟੱਚ ਮੋਬਾਇਲ ਫੋਨ, 4 ਕੀਪੈਡ ਵਾਲੇ ਫੋਨਾਂ ਸਮੇਤ 3 ਜੀਓ ਡੌਂਗਲਜ, 2 ਬੈਟਰੀਆਂ, 14 ਚਾਰਜਰ ਅਤੇ 8 ਹੈਡਫੋਨਜ ਬਰਾਮਦ ਕੀਤੇ ਗਏ।
ਸੋ ਜ਼ਿਕਰਯੋਗ ਹੈ ਕਿ ਅਕਸ਼ਰ ਅਜਿਹੇ ਸਾਜ਼ੋ ਸਾਮਾਨ ਇਸ ਜੇਲ੍ਹ ਵਿਚ ਮਿਲਦੇ ਰਹਿੰਦੇ ਹਨ ਪਰ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਕਦੇ ਕੋਈ ਕਾਰਵਾਈ ਨਹੀਂ ਹੋਈ ਜਿਨ੍ਹਾਂ ਦੀ ਮੱਦਤ ਤੋਂ ਬਗੈਰ ਕੋਈ ਚੀਜ਼ ਅੰਦਰ ਨਹੀਂ ਜਾ ਸਕਦੀ ਹੈ ਦੂਜੇ ਏਥੇ ਕੈਦੀਆਂ ਕੋਲੋਂ ਜੇਲ੍ਹ ਦੇ ਦਫ਼ਤਰ ਤੋਂ ਲੈ ਕੇ ਰਾਤ ਦੀਆਂ ਡਿਊਟੀਆਂ ਤੱਕ ਦਾ ਕੰਮ ਲਿਆ ਜਾਂਦਾ ਹੈ। ਕੈਦੀਆਂ ਨੂੰ ਬੈਰਕਾਂ ਦੀ ਦੇਖ ਭਾਲ ਤੇ ਲਗਾਓਣਾ ਹੋਰ ਕਈ ਤਰ੍ਹਾਂ ਡਿਓਟੀਆਂ ਦੇਣਾ ਵੀ ਇਨ੍ਹਾਂ ਘਟਨਾਵਾਂ ਦਾ ਕਾਰਨ ਬਣਦਾ ਹੈ। ਜੇਲ੍ਹਾਂ ਵਿੱਚ ਨਸ਼ੇ ਦਾ ਮਿਲਣਾ, ਸਿਗਰਟਨੋਸ਼ੀ , ਰਿਸ਼ਵਤਖੋਰੀ ਦਾ ਹੋਣਾ ਆਮ ਦੱਸਿਆ ਗਿਆ ਹੈ।
ਸਰਚ ਉਪਰੇਸ਼ਨ ਦੀ ਅਗਵਾਈ ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਡੀ.ਐਸ.ਪੀ. ਨਾਭਾ ਰਜੇਸ਼ ਛਿੱਬੜ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਟੀਮ 'ਚ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਸਮੇਤ ਇਸ ਸਮੇਂ ਡੀ.ਐਸ.ਪੀ. ਜੇਲ੍ਹ ਸੁਰੱਖਿਆ ਰਜਿੰਦਰ ਕੁਮਾਰ ਤੇ ਡੀ.ਐਸ.ਪੀ. ਜੇਲ੍ਹ ਗੁਰਪ੍ਰੀਤ ਸਿੰਘ, ਐਸ.ਐਚ.ਓ. ਸਦਰ ਥਾਣਾ ਇੰਸਪੈਕਟਰ ਸੁਖਦੇਵ ਸਿੰਘ, ਸਹਾਇਕ ਸੁਪਰਡੈਂਟ ਕਰਨੈਲ ਸਿੰਘ, ਐਸ.ਐਚ.ਓ. ਥਾਣਾ ਕੋਤਵਾਲੀ ਗੁਰਪ੍ਰੀਤ ਸਿੰਘ, ਪਟਿਆਲਾ ਤੋਂ ਪੁਲਿਸ ਫੋਰਸ, ਜੇਲ੍ਹ ਅਮਲਾ, ਆਰਥਿਕ ਅਪਰਾਧ ਸ਼ਾਖਾ ਤੇ ਐਂਟੀਸਾਬੋਟਾਜ ਟੀਮਾਂ ਵੀ ਸ਼ਾਮਲ ਸਨ।
ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜੇਲ੍ਹ ਵਿੱਚੋਂ ਬਰਾਮਦ ਹੋਏ ਮੋਬਾਈਲ ਫੋਨਾਂ ਬਾਰੇ ਮੁਕਦਮਾਂ ਦਰਜ ਕਰਨ ਲਈ ਐਸ.ਐਚ.ਓ. ਸਦਰ ਨਾਭਾ ਨੂੰ ਪੱਤਰ ਲਿਖ ਦਿੱਤਾ ਹੈ ਅਤੇ ਇਸ ਦੀ ਜਾਣਕਾਰੀ ਏ.ਡੀ.ਜੀ.ਪੀ ਜ਼ੇਲਾਂ ਪੰਜਾਬ ਨੂੰ ਵੀ ਭੇਜ ਦਿੱਤੀ ਗਈ ਹੈ। ਅਧਿਕਾਰੀਆਂ ਦੱਸਿਆ ਕਿ ਪੁਲਿਸ ਵੱਲੋਂ ਜੇਲ੍ਹ ਵਿਭਾਗ ਨਾਲ ਮਿਲਕੇ ਅਜਿਹੇ ਸਰਚ ਉਪਰੇਸ਼ਨ ਭਵਿੱਖ 'ਚ ਵੀ ਜਾਰੀ ਰਹਿਣਗੇ।