ਹਰੀਸ਼ ਕਾਲੜਾ
ਰੂਪਨਗਰ, 10 ਜੁਲਾਈ 2020 - ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਕੋਰੋਨਾ ਟੈਸਟ ਦੀ ਰਿਪੋਰਟ ਵੀ ਪਾਜ਼ੀਵਿਟ ਆਈ ਹੈ। ਰੋਪੜ ਜ਼ਿਲ੍ਹੇ ਵਿਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ। ਡਿਪਟੀ ਕਮਿਸ਼ਨਰ ਦੇ ਕੋਰੋਨਾ ਪਾਜ਼ੀਵਿਟ ਆਉਣ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਦੇ ਹੋਰ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।
ਰੂਪਨਗਰ ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 119 ਵਿਅਕਤੀ ਕੋਰੋਨਾ ਪਾਜ਼ੀਵਿਟ ਆ ਚੁੱਕੇ ਹਨ ਅਤੇ 110 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਜ਼ਿਲ੍ਹੇ ਵਿੱਚ ਕੋਰੋਨਾ ਦਾ ਕਹਿਰ ਵਧਣ ਨਾਲ ਜ਼ਿਲ੍ਹਾ ਵਾਸੀਆਂ ਵਿਚ ਵੀ ਸਹਿਮ ਵੱਧ ਰਿਹਾ ਹੈ। ਰੂਪਨਗਰ ਦੇ ਐੱਸ.ਡੀ.ਐੱਮ. ਦੇ ਚੰਡੀਗੜ੍ਹ ਦੇ ਨਿਵਾਸੀ ਹੋਣ ਕਰਕੇ ਰੂਪਨਗਰ ਜ਼ਿਲ੍ਹੇ ਦੇ ਮਰੀਜ਼ਾਂ ਵਿਚ ਗਿਣਤੀ ਨਹੀਂ ਕੀਤੀ ਗਈ ਹੈ।
ਬੀਤੇ ਦਿਨ ਨਵੇਂ ਕੋਰੋਨਾ ਮਰੀਜ਼ਾਂ ਵਿਚ ਨੂਰਪੁਰ ਬੇਦੀ ਦੇ ਪਿੰਡ ਗੋਲੂਮਾਜਰਾ ਦਾ 48 ਸਾਲਾ ਵਿਅਕਤੀ ਤੇ ਪਿੰਡ ਔਲਖ ਦੀ 55 ਸਾਲਾ ਔਰਤ, ਕੋਟਲਾ ਪਾਵਰ ਹਾਊਸ ਕੀਰਤਪੁਰ ਸਾਹਿਬ ਦਾ 55 ਸਾਲਾ ਵਿਅਕਤੀ ਅਤੇ ਚਮਕੌਰ ਸਾਹਿਬ ਦੇ ਪਿੰਡ ਸ਼ੇਖੂਪੁਰਾ ਦਾ 70 ਸਾਲਾ ਬਜ਼ੁਰਗ ਕੋਰੋਨਾ ਪਾਜ਼ੀਵਿਟ ਆਇਆ ਸੀ। ਜਿਨ੍ਹਾਂ ਨੂੰ ਗਿਆਨ ਸਾਗਰ ਮੈਡੀਕਲ ਹਸਪਤਾਲ ਬਨੂੜ ਵਿਖੇ ਆਈਸੋਲੇਟ ਕੀਤਾ ਜਾ ਚੁੱਕਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਐੱਚ.ਐਨ. ਸ਼ਰਮਾ ਨੇ ਦੱਸਿਆ ਕਿ ਕੋਰੋਨਾ ਤੋਂ ਘਬਰਾਉਣ ਬਚਾਅ ਲਈ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈ ਅਤੇ ਸਮਾਜਿਕ ਦੂਰੀ ਦਾ ਵੀ ਵੱਧ ਤੋ ਵੱਧ ਖਿਆਲ ਰੱਖਿਆ ਜਾਵੇ। ਲੋਕਾਂ ਨੂੰ ਭੀੜ ਇਕੱਤਰ ਨਹੀਂ ਕਰਨੀ ਚਾਹੀਦੀ ਹੈ ਅਤੇ ਅਹਤਿਹਾਤ ਰੱਖਣਾ ਬਹੁਤ ਜ਼ਰੂਰੀ ਹੈ। ਕਾਬਿਲੇਗੌਰ ਹੈ ਕਿ ਰੋਪੜ ਜ਼ਿਲ੍ਹੇ ਵਿਚ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਹੁਣ ਤੱਕ 119 ਮਰੀਜ਼ ਪਾਜ਼ੇਟਿਵ ਹੋ ਚੁੱਕੇ ਹਨ, ਜਿਸ ਵਿਚੋਂ 110 ਤੰਦਰੁਸਤ ਹੋ ਕੇ ਘਰ ਵਾਪਸ ਪਰਤ ਚੁੱਕੇ ਹਨ। ਸਿਹਤ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਦਫਤਰ ਸਮੇਤ ਸਮੂਹ ਦਫਤਰਾਂ ਵਿਚ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਈ ਦਫਤਰਾਂ ਦੀ ਤਿੰਨ ਦਿਨ ਲਈ ਪਬਲਿਕ ਡੀਲਿੰਗ ਵੀ ਬੰਦ ਕੀਤੀ ਗਈ ਹੈ।