ਅੰਮ੍ਰਿਤਸਰ, 10 ਜੁਲਾਈ 2020 - ਗੁਰੂ ਦੀ ਬੇਅਦਬੀ ਤੇ ਦਰਜ ਮਾਮਲਿਆਂ ਦੀ ਪੰਜਾਬ ਸਰਕਾਰ ਦੀਆਂ ਜਾਂਚ ਟੀਮਾਂ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਰੋਕਣ ਲਈ ਸੀ. ਬੀ. ਆਈ ਵੱਲੋਂ ਮੁਹਾਲੀ ਅਦਾਲਤ ਵਿੱਚ ਦਰਖਾਸਤ ਲਾ ਕੇ ਜਾਂਚ ਰੋਕਣ ਲਈ ਪਾਈ ਪਟੀਸ਼ਨ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾਂ ਦੇ ਪਿਤਾ ਭਾਈ ਗੁਰਚਰਨ ਸਿੰਘ ਅਤੇ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਅਮਰ ਸਿੰਘ ਚਾਹਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।
ਉਨ੍ਹਾਂ ਕਿਹਾ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸਰੂਪ ਅਤੇ ਕੁਝ ਮਹੀਨਿਆਂ ਬਾਅਦ ਪਿੰਡਾਂ ਦੀਆਂ ਗਲੀਆਂ ਵਿੱਚ ਅੰਗ ਖਿਲਾਰਨ ਅਤੇ ਭੱਦੀ ਸ਼ਬਦਾਵਲੀ ਲਿਖ ਕੇ ਸਿੱਖਾਂ ਦੇ ਜਜ਼ਬਾਤਾਂ ਨਾਲ ਕੀਤਾ ਗਿਆ ਖਲਵਾੜ ਅਤੇ ਭਾਵਨਾਵਾਂ ਨੂੰ ਪਹੁੰਚਾਏਗੀ ਠੇਸ ਦੇ ਦਰਜ ਤਿੰਨ ਮਾਮਲਿਆਂ ਵਿੱਚ ਪੰਜ ਸਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਿੱਖਾਂ ਦੇ ਲੰਬੇ ਸੰਘਰਸ਼ ਤਹਿਤ ਪੰਜਾਬ ਸਰਕਾਰ ਵੱਲੋਂ ਬਣਾਈਆਂ ਦੋ ਜਾਂਚ ਟੀਮਾਂ ਵੱਲੋਂ ਪੂਰੇ ਸਿਸਟਮ ਨਾਲ ਜਾਂਚ ਕਰਕੇ ਗੁਰੂ ਦੀ ਬੇਅਦਬੀ ਕਰਨ ਤੇ ਕਰਵਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਵਾਲੇ ਦੋਸ਼ੀਆਂ ਦੇ ਚਿਹਰੇ ਬੇਨਕਾਬ ਕੀਤੇ ਹਨ ਅਤੇ ਸੱਚ ਸਾਹਮਣੇ ਆਇਆ ਹੈ।
ਇਨ੍ਹਾਂ ਹਾਲਾਤਾਂ ਵਿੱਚ ਸੀ. ਬੀ. ਆਈ ਹੁਣ ਜਾਂਚ ਨੂੰ ਰੋਕਣ ਲਈ ਰਾਜਨੀਤਿਕ ਸਿਆਸੀ ਹੱਥਕੰਡੇ ਨਾ ਅਪਣਾਵੇ ਅਤੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣਾ ਬੰਦ ਕਰੇ ਕਿਉਂਕਿ ਹੁਣ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਅਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਜਾਂਚ ਟੀਮ ਵੱਲੋਂ ਬਾਮੁਸ਼ਕਿਲ ਸਾਰਾ ਸੱਚ ਸਾਹਮਣੇ ਲਿਆਂਦਾ ਗਿਆ ਹੈ ਤੇ ਸਿੱਖਾਂ ਨੂੰ ਇਨਸਾਫ ਦੀ ਉਮੀਦ ਬੱਝੀ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ ਦੀ ਇਸ ਕਾਰਗੁਜ਼ਾਰੀ ਤੋਂ ਇਹ ਸੱਚ ਸਾਹਮਣੇ ਆ ਚੁੱਕਿਆ ਹੈ ਕਿ ਸੀ.ਬੀ.ਆਈ ਕੇਂਦਰ ਸਰਕਾਰ ਦੇ ਪਿੰਜਰੇ ਵਿੱਚ ਬੰਦ ਤੋਤਾ ਹੈ ਜਿਵੇਂ ਕੇਂਦਰ ਸਰਕਾਰ ਚਲਾਉਂਦੀ ਹੈ ਉਵੇਂ ਹੀ ਸੀ.ਬੀ.ਆਈ ਕਰਦੀ ਹੈ ਅਤੇ ਇਨ੍ਹਾਂ ਦਰਜ ਮਾਮਲਿਆਂ ਵਿੱਚ ਹੁਣ ਜਦੋਂ ਗੁਰੂ ਦੀ ਬੇਅਦਬੀ ਕਰਵਾਉਣ ਵਾਲੇ ਸਾਜ਼ਿਸ਼ਕਰਤਾ ਸੌਦਾ ਸਾਧ ਦਾ ਨਾਮ ਦਰਜ ਕੀਤਾ ਹੈ ਅਤੇ ਉਨ੍ਹਾਂ ਦੋਸ਼ੀਆਂ ਤੱਕ ਜਾਂਚ ਟੀਮ ਦੇ ਹੱਥ ਪਹੁੰਚ ਚੁੱਕੇ ਹਨ ਜਿਨ੍ਹਾਂ ਨੇ ਉਸ ਸਮੇਂ ਦੋਸ਼ੀਆਂ ਨੂੰ ਬਚਾਉਣ ਲਈ ਆਪਣੀ ਸਰਕਾਰ ਦਾ ਗ਼ਲਤ ਇਸਤੇਮਾਲ ਕੀਤਾ ਤਾਂ ਸੀ.ਬੀ.ਆਈ ਉਸ ਜਾਂਚ ਟੀਮ ਅਤੇ ਵਧੇ ਹੱਥਾਂ ਨੂੰ ਰੋਕਣ ਦੀ ਸਾਜ਼ਿਸ਼ ਕਰ ਰਹੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਾਰਾ ਕੁਝ ਸੌਦਾ ਸਾਧ ਅਤੇ ਉਸ ਸਮੇਂ ਦੀ ਸਰਕਾਰ ਦੇ ਨੁਮਇੰਦਿਆਂ ਨੂੰ ਬਚਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਇਸ ਕਾਰਵਾਈ ਨੂੰ ਸੰਗਤਾਂ ਬਰਦਾਸ਼ਤ ਨਹੀਂ ਕਰਨਗੀਆਂ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਦਿੱਤੀ ਕਿ ਇਨ੍ਹਾਂ ਦਰਜ ਮਾਮਲਿਆਂ ਦੀ ਜਾਂਚ ਮੁਕੰਮਲ ਕਰਕੇ ਉਸ ਸਮੇਂ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਡੀ.ਜੀ.ਪੀ ਨੂੰ ਵੀ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾਵੇ ਤੇ ਸੌਦਾ ਸਾਧ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇ।