ਪਰਵਿੰਦਰ ਸਿੰਘ ਕੰਧਾਰੀ
- ਪਿੰਡਾਂ ਦੇ ਧਾਰਮਿਕ ਸਥਾਨਾਂ ਤੇ ਅਨਾਊਂਸਮੈਂਟਾਂ ਰਾਹੀਂ ਲੋਕਾਂ ਨੂੰ ਸਾਵਧਾਨੀਆਂ ਪ੍ਰਤੀ ਕੀਤਾ ਜਾ ਰਿਹਾ ਹੈ ਜਾਗਰੂਕ
- ਵਾਲ ਪੇਟਿੰਗ, ਫਲੈਕਸ ਰਾਹੀਂ ਵੀ ਦਿੱਤਾ ਜਾ ਰਿਹਾ ਹੈ ਜਾਗਰੂਕਤਾ ਦਾ ਸੁਨੇਹਾ-ਸਹੋਤਾ
ਫਰੀਦਕੋਟ, 11 ਜੁਲਾਈ 2020 - ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਪੰਚਾਇਤ ਵਿਭਾਗ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ।ਉਨਾਂ ਦੱਸਿਆ ਕਿ ਇਸ ਲਈ ਵੱਖ ਵੱਖ ਵਿਭਾਗਾਂ ਵੱਲੋਂ ਲਗਾਤਾਰ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿਚ ਸਰਪੰਚਾ ਅਤੇ ਪੰਚਾਇਤ ਮੈਂਬਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਦੂਰੀ ਬਣਾਈ ਰੱਖਣ, ਬੱਚਿਆ ਅਤੇ ਬਜੁਰਗਾਂ ਦਾ ਵਿਸ਼ੇਸ਼ ਖਿਆਲ ਰੱਖਣ ਸਮੇਤ ਸਿਹਤ ਵਿਭਾਗ ਵੱਲੋਂ ਜਾਰੀ ਸਮੂਹ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਾਗਰੂਕਤਾ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਕਰੋਨਾ ਤੇ ਜਿੱਤ ਪ੍ਰਾਪਤ ਨਹੀਂ ਕਰ ਲੈਂਦੇ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਪੰਚਾਇਤਾਂ ਵੱਲੋਂ ਗੁਰੂਦੁਆਰਿਆਂ ਰਾਹੀਂ ਸਮੇਂ ਸਮੇਂ ਤੇ ਅਨਾਊਂਸਮੈਂਟਾਂ ਵੀ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਨਾਲ ਵਾਲ ਪੇਟਿੰਗ ਰਾਹੀਂ ਵੀ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਪਿੰਡ ਵਿਚ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਫਤਿਹ ਯੋਧਾ ਬਣਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਮਿਸ਼ਨ ਫਤਿਹ ਦੇ ਜਿਲ੍ਹਾ ਨੋਡਲ ਅਫਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਅਤੇ ਜਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਪੂਰੇ ਜਿਲ੍ਹੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਵਧਾਨੀਆਂ ਵਰਤਨ ਸਬੰਧੀ ਜਾਣਕਾਰੀ ਦੇਣ ਵਾਲੀਆਂ 483 ਵਾਲ ਪੇਟਿੰਗ ਪਿੰਡਾਂ ਦੀਆਂ ਮੁੱਖ ਥਾਵਾਂ ਤੇ ਕਰਵਾਈਆਂ ਗਈਆਂ ਹਨ। ਜਿੰਨਾ ਵਿੱਚ ਜਿਲ੍ਹਾ ਫਰੀਦਕੋਟ ਵਿੱਚ 313, ਕੋਟਕਪੂਰਾ ਵਿੱਚ 75 ਅਤੇ ਜੈਤੋ 95 ਵਿੱਚ ਪੇਟਿੰਗ ਕਰਵਾਈਆਂ ਗਈਆਂ ਹਨ। ਜਦਕਿ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ 31 ਫਲੈਕਸ ਵੀ ਲਗਾਏ ਗਏ ਹਨ, ਜ਼ੋ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦੇ ਰਹੇ ਹਨ।