ਮਨਿੰਦਰਜੀਤ ਸਿੱਧੂ
-ਬਿਨਾਂ ਮੀਂਹ ਤੋਂ ਸਾਰਾ ਦਿਨ ਗਲੀਆਂ ਵਿੱਚ ਖੜ੍ਹਿਆ ਰਹਿੰਦਾ ਹੈ ਸੀਵਰੇਜ ਦਾ ਪਾਣੀ
ਜੈਤੋ, 11 ਜੁਲਾਈ 2020 - ਪਹਿਲੇ ਸਮਿਆਂ ਵਿੱਚ ਗਲੀਆਂ ਨਾਲੀਆਂ ਦਾ ਬਰਸਾਤੀ ਪਾਣੀ ਸਾਂਭਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਛੱਪੜ ਬਣਾਏ ਹੁੰਦੇ ਸਨ। ਸਮੇਂ ਦੇ ਨਾਲ ਨਾਲ ਕਾਫੀ ਹੱਦ ਤੱਕ ਜੈਤੋ ਦੇ ਛੱਪੜ ਜਾਂ ਤਾਂ ਜੋਰਾਵਰਾਂ ਨੇ ਦੱਬ ਲਏ ਜਾਂ ਫਿਰ ਉਹਨਾਂ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਪਰ ਜੈਤੋ ਵਿੱਚ ਅੱਜ ਕੱਲ ਨਵੀਂ ਅਬਾਦੀ ਮੁਹੱਲਾ ਜੋ ਕਿ ਬਿਲਕੁਲ ਸ਼ਹਿਰ ਦੇ ਵਿਚਕਾਰ ਸਥਿਤ ਹੈ, ਬੜਾ ਚਰਚਾ ਦੇ ਵਿੱਚ ਹੈ ਕਿਉਂਕਿ ਲੋਕਾਂ ਨੇ ਇਸਨੂੰ ਛੱਪੜ ਕਹਿਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਮੁਹੱਲੇ ਦੀਆਂ ਗਲੀਆਂ ਵਿੱਚ ਸਾਰਾ ਸਾਲਾ ਸੀਵਰੇਜ਼ ਦਾ ਗੰਦਾ ਪਾਣੀ ਖੜ੍ਹਿਆ ਰਹਿੰਦਾ ਹੈ। ਸ਼ਹਿਰ ਦੀ ਫੇਲ੍ਹ ਸੀਵਰੇਜ਼ ਪ੍ਰਣਾਲੀ ਕਰਕੇ ਵੈਸੇ ਤਾਂ ਸਾਰੇ ਸ਼ਹਿਰ ਦਾ ਹੀ ਬੁਰਾ ਹਾਲ ਹੈ।ਥੋੜ੍ਹੀ ਜਿਹੀ ਬਰਸਾਤ ਹੀ ਸ਼ਹਿਰ ਵਾਸੀਆਂ ਲਈ ਸਕੂਨ ਘੱਟ ਤੇ ਆਫਤ ਜਿਆਦਾ ਲੈ ਕੇ ਆਉਂਦੀ ਹੈ ਪਰ ਨਵੀਂ ਆਬਾਦੀ ਮੁਹੱਲਾ ਤਾਂ ਬਿਨਾਂ ਬਰਸਾਤ ਤੋਂ ਵੀ ਗੰਧਲੇ ਤੇ ਮੁਸ਼ਕੇ ਪਾਣੀ ਨਾਲ ਭਰਿਆ ਰਹਿੰਦਾ ਹੈ। ਜੇਕਰ ਅਸੀਂ ਇਸ ਮੁਹੱਲੇ ਦੇ ਨਿਵਾਸੀਆਂ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਮੋਹਤਬਰ ਆਦਮੀ ਇਸ ਮੁਹੱਲੇ ਦੇ ਵਸਨੀਕ ਹਨ।
ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਰਾ ਦਿਨ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਸਾਡਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਗੰਦੇ ਪਾਣੀ ਖੜ ਜਾਣ ਕਰਕੇ ਮੱਛਰ ਮੱਖੀਆਂ ਆਦਿ ਪੈਦਾ ਹੋਣ ਕਾਰਨ ਬਿਮਾਰੀਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ।ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਨਗਰ ਕੌਂਸਲ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਅਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਤਾਂ ਸ਼ਾਇਦ ਜੈਤੋ ਨੂੰ ਆਪਣੇ ਅਧਿਕਾਰ ਖੇਤਰ ਵਿੱਚੋਂ ਮਨਫੀ ਹੀ ਕਰ ਦਿੱਤਾ ਹੈ।
ਜਲਦ ਹੀ ਕੀਤਾ ਜਾਵੇਗਾ ਪੱਕਾ ਹੱਲ- ਐਸ.ਡੀ.ਓ
ਲੋਕਾਂ ਦੀ ਇਸ ਸਮੱਸਿਆ ਨੂੰ ਲੈ ਕੇ ਜਦੋਂ ਅਸੀਂ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਐੱਸ.ਡੀ.ਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਮੁਹੱਲੇ ਦੀ ਇਸ ਸਮੱਸਿਆ ਦੇ ਹੱਲ ਲਈ ਲੱਗੇ ਹੋਏ ਹਾਂ ਅਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਇਸ ਦਾ ਸਦੀਵੀ ਹੱਲ ਕੱਢ ਦਿੱਤਾ ਜਾਵੇਗਾ।