- ਪਰਿਵਾਰ ਨਿਯੋਜਨ ਸਬੰਧੀ ਕੀਤਾ ਜਾਗਰੂਕ ਇਕ ਸਾਰਥਕ ਕੱਲ੍ਹ ਦੀ ਸ਼ੁਰੂਆਤ - ਡਾਕਟਰ
ਫ਼ਿਰੋਜ਼ਪੁਰ, 11 ਜੁਲਾਈ 2020 - ਸਿਹਤ ਵਿਭਾਗ ਵੱਲੋਂ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਜਿਸ ਤਹਿਤ ਡਾ. ਰਜਿੰਦਰ ਕੁਮਾਰ ਮਨਚੰਦਾ ਐੱਸਐੱਮ ਮਮਦੋਟ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਸਬ ਸੈਂਟਰ ਅਟਾਰੀ ਅਧੀਨ ਆਉਂਦੇ ਪਿੰਡ ਸੋਢੇ ਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜਸਵੀਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ, ਦਵਿੰਦਰ ਕੌਰ ਮਲਟੀਪਰਪਜ਼ ਹੈੱਲਥ ਵਰਕਰ ਫੀਮੇਲ ਨੇ ਯੋਗ ਜੋੜਿਆਂ ਨੂੰ ਪਰਿਵਾਰ ਦੀ ਯੋਜਨਾਬੰਦੀ ਬਾਰੇ ਜਾਗਰੂਕ ਕਰਦਿਆਂ ਪਰਿਵਾਰ ਨਿਯੋਜਨ ਦੇ ਵੱਖ ਵੱਖ ਸਾਧਨਾਂ ਜਿਵੇ ਨਸਬੰਦੀ, ਨਲਬੰਦੀ, ਕੰਡੋਮ, ਕਾਪਰਟੀ, ਛਾਇਆ ਗਰਭ ਨਿਰੋਧਕ ਗੋਲੀਆਂ ਅਤੇ ਅੰਤਰ ਇੰਜੈਕਸ਼ਨ ਆਦਿ ਬਾਰੇ ਦੱਸਿਆ।
ਇਸ ਤੋਂ ਬਿਨਾ ਆਮ ਲੋਕਾਂ ਨੂੰ ਵੀ ਵੱਧ ਰਹੀ ਆਬਾਦੀ ਦੇ ਘਾਤਕ ਸਿੱਟਿਆਂ ਬਾਰੇ ਵੀ ਜਾਗਰੂਕ ਕੀਤਾ ਤਾਂ ਜੋ ਦੇਸ਼ ਦੀ ਵੱਧ ਰਹੀ ਆਬਾਦੀ ਨੂੰ ਰੋਕਿਆ ਜਾ ਸਕੇ, ਇਸ ਉਪਰੰਤ ਮਿਤੀ 11 ਤੋਂ 24 ਜੁਲਾਈ 2020 ਤੱਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ। ਜਿਸ ਦੌਰਾਨ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਵੱਖ ਵੱਖ ਸਾਧਨਾਂ ਦੀ ਉਪਲੱਬਧਤਾ ਕਰਵਾਈ ਜਾਵੇਗੀ ਤਾਂ ਜੋ ਦੇਸ਼ ਦੀ ਵਧਦੀ ਆਬਾਦੀ ਨੂੰ ਠੱਲ੍ਹ ਪਾਈ ਜਾ ਸਕੇ। ਆਬਾਦੀ ਦੇ ਲਿਹਾਜ਼ ਨਾਲ ਚੀਨ ਦੁਨੀਆਂ ਵਿਚ ਪਹਿਲੇ ਨੰਬਰ ਤੇ ਅਤੇ ਭਾਰਤ ਦੁਨੀਆਂ ਦੇ ਕੁੱਲ ਦੇਸ਼ਾਂ ਵਿੱਚੋਂ ਦੂਜੇ ਨੰਬਰ ਤੇ ਹੈ, ਜਿਸ ਬਾਰੇ ਹਰ ਇਕ ਦੇਸ਼ ਵਾਸੀ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਸਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਅਨੁਸਾਰ ਕਵਿਡ 19 ਵਰਗੀ ਮਹਾਂਮਾਰੀ ਦੌਰਾਨ ਵੀ ਵਧ ਰਹੀ ਆਬਾਦੀ ਵਿਚ ਸਥਿਰਤਾ ਲਿਆਉਣ ਲਈ ਪ੍ਰਜਨਨ ਸਿਹਤ ਨੂੰ ਬੜਾਵਾ ਦੇਣ ਲਈ ਮਾਵਾਂ, ਨਵਜਾਤ, ਸ਼ਿਸ਼ੂਆਂ ਅਤੇ ਬੱਚਿਆਂ ਦੀ ਬੀਮਾਰੀ ਦੀ ਦਰ ਅਤੇ ਮੌਤ ਦਰ ਨੂੰ ਘੱਟ ਕਰਨਾ ਇਸ ਦਾ ਮੁੱਖ ਉਦੇਸ਼ ਹੈ। ਸਿਹਤ ਵਿਭਾਗ ਵੱਲੋਂ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀਂ ਆਬਾਦੀ ਦੇ ਬੇਤਹਾਸ਼ਾ ਵਾਧੇ ਨੂੰ ਰੋਕਣ ਲਈ ਅਤੇ ਇਸ ਦੇ ਘਾਤਕ ਸਿੱਟਿਆਂ ਬਾਰੇ ਜਾਗਰੂਕ ਕਰਨ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਆਏ ਹੋਏ ਲੋਕਾਂ ਨੂੰ ਰਾਜਵਿੰਦਰ ਕੌਰ ਆਂਗਣਵਾੜੀ ਵਰਕਰ ਵੱਲੋਂ ਹੈਂਡਵਾਸ਼ ਅਤੇ ਮਿਸ਼ਨ ਫਤਹਿ ਬਾਰੇ ਵੀ ਦੱਸਿਆ ਗਿਆ।