ਤਰਨਤਾਰਨ, 11 ਜੁਲਾਈ 2020 - ਤਰਨਤਾਰਨ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੱਲੀਆ ਵਿਖੇ ਬੀਤੇ ਦਿਨ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦੋਂ ਪਿੰਡ ਦੇ ਛੱਪੜ ਵਿਚੋਂ ਖੁਦਾਈ ਦੇ ਦੌਰਾਨ ਮਜ਼ਦੂਰਾਂ ਨੂੰ ਬੰਬ ਦੇ ਸੈੱਲ ਬਰਾਮਦ ਹੋਏ। ਇਸ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਸਿਟੀ ਸੁੱਚਾ ਸਿੰਘ ਬੱਲ ਨੇ ਮੌਕੇ ’ਤੇ ਪਹੁੰਚ ਕੇ ਪੂਰਾ ਪਿੰਡ ਸੀਲ ਕਰਵਾ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਮੱਲੀਆ ਵਿਖੇ ਮਗਨਰੇਗਾ ਸਕੀਮ ਅਧੀਨ ਛੱਪੜ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ। ਬੀਤੇ ਦਿਨ ਖੁਦਾਈ ਦੌਰਾਨ ਮਜ਼ਦੂਰਾਂ ਨੇ ਜਦੋਂ ਬੰਬ ਵਰਗੀ ਕੋਈ ਚੀਜ਼ ਦੇਖੀ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੁਰੰਤ ਮੌਕੇ ’ਤੇ ਪਹੁੰਚੀ ਪੁਲਿਸ ਨੇ ਪੂਰਾ ਏਰੀਆ ਕਵਰ ਕਰਕੇ ਸਾਰਿਆਂ ਨੂੰ ਸੁਰੱਖਿਤ ਕਰ ਦਿੱਤਾ। ਡੀ.ਐੱਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਬੰਬ ਦਾ ਸੈੱਲ ਬਰਾਮਦ ਹੋਣ ਉਪਰੰਤ ਛੱਪੜ ਵਿਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਕੰਮ ਤੋਂ ਰੋਕ ਦਿੱਤਾ ਗਿਆ ਹੈ ਅਤੇ ਛੱਪੜ ਖਾਲੀ ਕਰਵਾਉਣ ਤੋਂ ਬਾਅਦ ਬੰਬ ਦੇ ਸੈੱਲ ਦੁਆਲੇ ਮਿੱਟੀ ਨਾਲ ਭਰੀਆਂ ਬੋਰੀਆਂ ਰੱਖ ਦਿੱਤੀਆਂ ਗਈਆਂ ਹਨ।
ਡੀ.ਐੱਸ.ਪੀ ਨੇ ਦੱਸਿਆ ਕਿ ਵੇਖਣ ਨੂੰ ਬੰਬ ਚੱਲਿਆ ਹੋਇਆ ਲੱਗ ਰਿਹਾ ਹੈ, ਪਰ ਫਿਰ ਵੀ ਲੋਕਾਂ ਦੀ ਸੁਰੱਖਿਆ ਲਈ ਬੰਬ ਨਕਾਰਾ ਕਰਨ ਵਾਲੀ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਕਿ ਇਸ ਦੀ ਜਾਂਚ ਕਰਕੇ ਦੱਸੇਗੀ ਕਿ ਇਹ ਚੱਲਿਆ ਹੋਇਆ ਹੈ ਜਾਂ ਨਹੀਂ। ਫਿਲਹਾਲ ਸਾਰਿਆਂ ਨੂੰ ਸੇਫ ਕਰ ਲਿਆ ਗਿਆ ਹੈ।