ਅਸ਼ੋਕ ਵਰਮਾ
ਬਠਿੰਡਾ, 11 ਜੁਲਾਈ 2020 - ਕੋਰੋਨਾ ਮਹਾਂਮਾਰੀ ਦੇ ਸਮੇਂ ਮੂਹਰਲੀ ਕਤਾਰ ਵਿਚ ਲੜਨ ਵਾਲੀਆਂ ਆਸ਼ਾਾ ਵਰਕਰਾਂ ਅਤੇ ਫੈਸੀਲੀਟੇਟਰਜ ਯੂਨੀਅਨ ਦੀ ਹੜਤਾਲ ਅੱਜ ਆਖਰੀ ਦਿਨ ਜੱਥੇਬੰਦੀ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇ ਕੇ ਤਿੰਨ ਰੋਜਾ ਹੜਤਾਲ ਖਤਮ ਕਰ ਦਿੱਤੀ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਸੂਬਾ ਪੱਧਰ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਸੰਘਰਸ਼ ਦੀ ਰੂਪ ਰੇਖਾ ਬਾਰੇ ਅਗਲਾ ਫੈਸਲਾ ਲਿਆ ਜਾਏਗਾ ਅੱਜ ਵੀ ਆਸ਼ਾ ਵਰਕਰਾਂ ਨੇ ਸਰਕਾਰ ਖਿਲਾਫ ਨਾਅਰੇਬਜੀ ਦੌਰਾਨ ਆਪਣੀਆਂ ਮੰਗਾਂ ਮੰਨਣ ਦੀ ਮੰਗ ਕੀਤੀ। ਆਸ਼ਾ ਵਰਕਰ ਆਗੂ ਸਰੰਜਣਾ ਰਾਣੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੀਆਂ ਆਸ਼ਾ ਵਰਕਰ ਵਿਰੋਧੀ ਨੀਤੀਆਂ ਕਾਰਨ ਕੋਵਿਡ 19 ਦੇ ਹਰ ਤਰਾਂ ਦੇ ਕੰਮਾਂ ਦਾ ਬਾਈਕਾਟ ਕਰਕੇ ਸਬ ਸੈਂਟਰਾਂ ਤੇ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਪ੍ਰਤੀ ਘਰ ਚਾਰ ਰੁਪਏ ਦੇ ਕੇ ਆਸ਼ਾ ਵਰਕਰਾਂ ਦੇ ਜਖਮਾਂ ਤੇ ਲੂਣ ਭੁੱਕ ਰਹੀ ਹੈ।
ਉਨ੍ਹਾਂ ਘਰ ਘਰ ਸਰਵੇਖਣ ਦੇ ਪੈਸਿਆਂ ਵਿੱਚ 12 ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇਣ, ਮਿਸ਼ਨ ਫਤਿਹ ਪੂਰਾ ਹੋਣ ਤੱਕ ਉਨ੍ਹਾਂ ਨੂੰ ਮਿਲਦਾ ਕਰੋਨਾ ਮੁਕਤੀ ਭੱਤਾ ਜਾਰੀ ਰੱਖਣ ਅਤੇ ਆਸ਼ਾ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕਰਨ ਸਮੇਤ ਵੱਖ ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਜੁਗਿੰਦਰ ਕੌਰ ਜਸਵੀਰ ਕੌਰ ਜੰਗੀਰਾਨਾ ਸੰਗਤ ਬਲਾਕ , ਪਰਨੀਤ ਕੌਰ ,ਰਾਣੀ, ਸੁਨੀਤਾ ਵੀਰਪਾਲ ਗੋਨਿਆਣਾ ,ਰੀਨਾ ਤਿਵਾਰੀ , ਮੰਜੂ ਨਿਸ਼ਾ ਸਾਵਿਤਾ ਰਾਣੀ , ਸਵਰਨ ਕੌਰ ਭਗਤਾ , ਮਨਜੀਤ ਕੌਰ, ਅਤੇ ਰਮਨ ਆਦਿ ਨੇ ਸਰਕਾਰ ਨੂੰ ਭੱਤਾ ਬਹਾਲ ਕਰਨ ਲਈ ਕਿਹਾ ਜੋਕਿ ਪਹਿਲੀ ਜਨਵਰੀ ਤੋਂ 30 ਜੂਨ ਤੱਕ 2500 ਰੁਪਏ ਪ੍ਰਤੀ ਮਹੀਨਾ ਅਤੇ ਫੈਸੀਲੀਟੇਟਰਜ ਨੂੰ 2000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਸੀ। ਉਨਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੀਆ ਮੂਹਰਲੀ ਕਤਾਰ ਦੀਆਂ ਅਸਲੀ ਲੜਾਕੂ ਔਰਤਾਂ ਆਸ਼ਾ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਥਾਂ ਆਸ਼ਾ ਵਿਰੋਧੀ ਫੈਸਲੇ ਲਏ ਜਾ ਰਹੇ ਹਨ।