← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 11 ਜੁਲਾਈ 2020 - ਬਠਿੰਡਾ ਜ਼ਿਲੇ ਦੇ ਮੌੜ ਮੰਡੀ ਇਲਾਕੇ ਦੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਦੇ ਨਾਮ ਹੇਠ ਇੱਕ ਸਾਬਕਾ ਫੌਜੀ ਵੱਲੋਂ ਇੱਕ ਕਰੋੜ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਬੇਪਰਦ ਹੋਇਆ ਹੈ। ਪੀੜਤ ਨੌਜਵਾਨਾਂ ਨੇ ਮਾਮਲੇ ਦੀ ਪੜਤਾਲ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਮਾਮਲੇ ਦਾ ਹੈਰਾਨਕੁੰਨ ਪਹਿਲੂ ਹੈ ਕਿ ਠੱਗੀ ਮਾਰਨ ਵਾਲੇ ਨੇ ਕਈ ਨੌਜਵਾਨਾਂ ਨੂੰ ਫੌਜ ‘ਚ ਨੌਕਰੀ ਤੇ ਹਜਾਰ ਹੋਣ ਲਈ ਫ਼ਰਜੀ ਪੱਤਰ ਵੀ ਜਾਰੀ ਕਰ ਦਿੱਤੇ ਸਨ। ਲੋਕ ਇਨਸਾਫ਼ ਪਾਰਟੀ ਮੌੜ ਹਲਕੇ ਦੇ ਆਗੂ ਰਵਿੰਦਰ ਸਿੰਘ ਨੇ ਦੱਸਿਆ ਕਿ ਠੱਗੀ ਮਾਰਨ ਵਾਲਾ ਫੌਜੀ ਬੁਢਲਾਡਾ ਨੇੜਲੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਗਰੀਬ ਪ੍ਰੀਵਾਰਾਂ ਨਾਲ ਸਬੰਧਤ ਇਹ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਫਿਰੋਜ਼ਪੁਰ ’ਚ ਕੀਤੀ ਜਾਣ ਵਾਲੀ ਭਰਤੀ ਰੈਲੀ ’ਚ ਨੌਕਰੀ ਖਾਤਰ ਗਏ ਸਨ ਜਿੱਥੇ ਉਨਾਂ ਦੀ ਚੋਣ ਨਹੀਂ ਹੋ ਸਕੀ। ਇਸ ਮੌਕੇ ਇਨ੍ਹਾਂ ਨੌਜਵਾਨਾਂ ਨੂੰ ਇਹ ਸਾਬਕਾ ਫੌਜੀ ਮਿਲਿਆ ਜਿਸ ਨੇ ਨੌਜਵਾਨਾਂ ਨੂੰ ਫੌਜ ਵਿਚ ਚੰਗੀ ਜਾਣ ਪਛਾਣ ਦਾ ਭਰੋਸਾ ਦਿਵਾ ਕੇ ਨੌਕਰੀ ਦਿਵਾਉਣ ਬਾਰੇ ਆਖਿਆ। ਉਨ੍ਹਾਂ ਦੱਸਿਆ ਕਿ ਸਾਬਕਾ ਫੌਜੀ ਨੌਜਵਾਨਾਂ ਦੇ ਘਰ ਆਉਂਦਾ ਅਤੇ ਪੈਸਿਆ ਦੀ ਮੰਗ ਕਰਦਾ ਰਿਹਾ ਅਤੇ ਕਈਆਂ ਨੌਜਵਾਨਾਂ ਤੋਂ ਉਸ ਨੇ ਦੋ-ਦੋ ਲੱਖ ਰੁਪਏ ਵੀ ਵਸੂਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਸਾਬਕਾ ਫੌਜੀ ਨੇ ਨੌਜਵਾਨਾਂ ਨੂੰ ਫੌਜ ’ਚ ਭਰਤੀ ਹੋਣ ਦੇ ਜਾਅਲੀ ਨਿਯੁਕਤੀ ਪੱਤਰ ਦੇ ਦਿੱਤੇ ਤਾਂ ਹੋਰਨਾਂ ਲੋਕਾਂ ’ਚ ਉਸ ਦਾ ਭਰੋਸਾ ਬਣ ਗਿਆ। ਉਨ੍ਹਾਂ ਦੱਸਿਆ ਕਿ ਇਸੇ ਭਰੋਸੇ ਦਾ ਲਾਹਾ ਲੈਂਦਿਆਂ ਉਸ ਨੇ ਕਰੀਬ 45 ਨੌਜਵਾਨਾਂ ਤੋਂ ਸਾਲ 2018-19 ਦੌਰਾਨ 1 ਕਰੋੜ 40 ਰੁਪਏ ਵਸੂਲ ਲਏ। ਉਨ੍ਹਾਂ ਦੱਸਿਆ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਨੌਜਵਾਨ ਪੱਤਰ ਲੈ ਕੇ ਫੌਜ ਪ੍ਰਸ਼ਾਸਨ ਕੋਲ ਪੁੱਜੇ ਜਿੱਥੇ ਪੱਤਰਾਂ ਨੂੰ ਫਰਜੀ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਪ੍ਰੀਵਾਰਾਂ ਵੱਲੋਂ ਪੈਸੇ ਵਾਪਿਸ ਮੰਗਣ ਤੇ ਉਹ ਟਰਕਾਉਦਾ ਰਿਹਾ ਜਦੋਂਕਿ ਕਈ ਨੌਜਵਾਨਾਂ ਨੂੰ ਉਸ ਨੇ ਚੈੱਕ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਅਤੇ ਨੌਜਵਾਨਾਂ ਲਈ ਇਨਸਾਫ ਵੀ ਮੰਗਿਆ ਹੈ।
Total Responses : 189