ਨਿਰਵੈਰ ਸਿੰਘ ਸਿੰਧੀ
ਮਮਦੋਟ, 11 ਜੁਲਾਈ 2020 - ਨਗਰ ਪੰਚਾਇਤ ਮਮਦੋਟ ਦੇ ਵਾਰਡ ਨੰਬਰ 12 ਚ ਸਥਿਤ ਘੋੜੇ ਚੱਕ ਰੋਡ ਤੇ ਦੁਕਾਨਦਾਰਾਂ ਨੂੰ ਸਫਾਈ ਨਾ ਹੋਣ ਕਰਕੇ ਨਾਲੀਆਂ ਬਲਾਕ ਹੋਣ ਕਰਕੇ ਸੜਕ ਅਤੇ ਦੁਕਾਨਾਂ ਅੱਗੇ ਗੰਦਾ ਪਾਣੀ ਖੜਨ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਸਾਉਣਾ ਲੈਬ ਵਾਲੇ , ਹਰਪ੍ਰੀਤ ਸਿੰਘ ਹੈਪੀ ਕਰਿਆਨਾ ਸਟੋਰ, ਅਮਰੀਕ ਸਿੰਘ ਮੋਟਰਸਾਈਕਲ ਮਕੈਨਿਕ, ਤੇਜਪ੍ਰੀਤ ਬਹਿਲ ਚੱਕੀ ਵਾਲੇ, ਰਜਿੰਦਰ ਮਨਚੰਦਾ ਸਪੇਅਰ ਪਾਰਟਸ ਵਾਲੇ ਆਦਿ ਨੇ ਦੱਸਿਆ ਕਿ ਮਮਦੋਟ ਤੋ ਘੋੜੇ ਚੱਕ ਰੋਡ ਤੇ ਬਣੀ ਇਸ ਮਾਰਕੀਟ ਦੀਆਂ ਨਾਲੀਆਂ ਦੀ ਸਫਾਈ ਨਾ ਹੋਣ ਕਾਰਨ ਗੰਦਾ ਪਾਣੀ ਉਵਰ ਫਲੋ ਹੋ ਕੇ ਸੜਕ ਤੇ ਜਮ੍ਹਾਂ ਹੋਣ ਕਾਰਨ ਰਾਹਗੀਰਾਂ ਤੇ ਇੱਥੋਂ ਦੇ ਦੁਕਾਨਦਾਰਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਿਕ ਦੁਕਾਨਦਾਰ ਵਰਗ ਅਤੇ ਇਲਾਕਾ ਵਾਸੀਆਂ ਨੇ ਨਗਰ ਪੰਚਾਇਤ ਮਮਦੋਟ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਾਡੀ ਇਸ ਸਮੱਸਿਆਂ ਦਾ ਹੱਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਆਮ ਦਿਨਾਂ ਵਿੱਚ ਵੀ ਨਾਲੀ 'ਚ ਪਾਣੀ ਜ਼ਿਆਦਾ ਹੋਣ ਕਾਰਨ ਨਾਲੀ ਦਾ ਪਾਣੀ ਬਾਹਰ ਆ ਜਾਂਦਾ ਹੈ ਅਤੇ ਗਲੀ ਵਿੱਚ ਚਿੱਕੜ ਰਹਿੰਦਾ ਹੈ ਅਤੇ ਸਥਾਨਿਕ ਨਿਵਾਸੀਆਂ ਨੂੰ ਆਉਣ ਜਾਣ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਬਾਰਸਾਤੀ ਮੋਸਮ ਵਿੱਚ ਇਹਨਾਂ ਨਾਲੀਆਂ ਵਿੱਚੋਂ ਸ਼ਹਿਰ ਦਾ ਗੰਦਾ ਪਾਣੀ ਸੜਕਾਂ ਉੱਪਰ ਆਉਣਾ ਸੁਭਾਵਿਕ ਹੀ ਲਗਦਾ ਹੈ।
ਇਸ ਸੰਬੰਧੀ ਜਦੋਂ ਨਗਰ ਪੰਚਾਇਤ ਮਮਦੋਟ ਦੇ ਈ ੳ ਮੈਡਮ ਪੂਨਮ ਭਟਨਾਗਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਪੰਚਾਇਤ ਦੇ ਸਫਾਈ ਕਾਰਮਚਾਰੀਆਂ ਨੂੰ ਗਲੀਆਂ ਨਾਲੀਆਂ ਨੂੰ ਸਾਫ ਕਰਨ ਲਈ ਕਹਿ ਦਿੱਤਾ ਗਿਆ ਹੈ ਜਲਦ ਹੀ ਸਾਰੇ ਸ਼ਹਿਰ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਕੀਤੀ ਜਾਵੇਗੀ ।