ਜਗਦੀਸ਼ ਥਿੰਦ
ਅਬੋਹਰ/ ਫਾਜ਼ਿਲਕਾ 11 ਜੁਲਾਈ : ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਆਪਣੇ ਹੀ ਇਕ ਸਾਥੀ ਦੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਖੁਰਦ - ਬੁਰਦ ਕਰਨ ਦੇ ਦੋਸ਼ ਅਧੀਨ ਦਰਜ਼ ਹੋਏ ਮੁਕੱਦਮੇ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਅਰੰਭੀ ਗਈ ਹੈ ।
ਪੁਲਿਸ ਥਾਣਾ ਸਿਟੀ ਅਬੋਹਰ ਅੰਦਰ 2 ਦਰਜ ਕੀਤੇ ਗਏ ਅਪਰਾਧਿਕ ਮੁਕੱਦਮਿਆਂ ਵਿੱਚ ਸ਼ਿਵ ਲਾਲ ਡੋਡਾ , ਉਸ ਦੀ ਪਤਨੀ ਸੁਨੀਤਾ ਡੋਡਾ , ਨੂੰਹ ਸੁਹਾਨੀ ਡੋਡਾ ਅਤੇ ਹੋਰਨਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।
ਪੁਲਸ ਥਾਣਾ ਮੁਖੀ ਅੰਗਰੇਜ਼ ਸਿੰਘ ਅਨੁਸਾਰ ਅਬੋਹਰ ਨਾਲ ਸਬੰਧਤ ਨੀਰਜ ਅਰੋੜਾ ਨੇਚਰਵੇਅ ਕੰਪਨੀ ਅਤੇ ਨੇਚਰਵੇਅ ਹੋਮ ਨਾਮ ਦੀਆਂ ਕੰਪਨੀਆਂ ਚਲਾਉਂਦਾ ਸੀ ।
ਇਸ ਦੌਰਾਨ ਪੰਜਾਬ ਦੇ ਵੱਖ -ਵੱਖ ਜਿਲ੍ਹਿਆਂ ਅੰਦਰ ਨੀਰਜ ਅਰੋੜਾ ਖਿਲਾਫ਼ ਕੰਪਨੀ ਨਾਲ ਜੁੜੇ ਲੋਕਾਂ ਨਾਲ ਠੱਗੀ ਮਾਰਨ ਦੇ ਮੁਕੱਦਮੇ ਦਰਜ ਹੋਏ ।
ਇਸ ਦੌਰਾਨ ਹੀ ਸ਼ਿਵ ਲਾਲ ਡੋਡਾ ਅਤੇ ਸਾਥੀਆਂ ਨੇ ਕਥਿਤ ਤੌਰ ਤੇ ਸਾਜਬਾਜ਼ ਹੋ ਕੇ ਨੀਰਜ ਅਰੋੜਾ ਨਾਲ ਪ੍ਰਾਪਰਟੀ ਦੀ ਅਦਲਾ ਬਦਲੀ ਦਾ ਕਰਾਰ ਕੀਤਾ ।
ਇਸ ਦੇ ਅਧਾਰ ਤੇ ਹੀ ਸ਼ਿਵ ਲਾਲ ਡੋਡਾ ਦੇ ਸਾਥੀਆਂ ਨੀਰਜ ਅਰੋੜਾ ਨਾਲ ਕਥਿਤ ਤੌਰ ਤੇ ਕਰੋੜਾਂ ਰੁਪਏ ਦੀ ਧੋਖਾਦੇਹੀ ਕੀਤੀ ।
ਇਸ ਸਬੰਧੀ ਨੀਰਜ ਅਰੋੜਾ ਦੀ ਮਾਤਾ ਆਸ਼ਾ ਰਾਣੀ ਵੱਲੋਂ ਡੀ ਆਈ ਜੀ ਫਿਰੋਜ਼ਪੁਰ ਰੇਂਜ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸ਼ਿਵ ਲਾਲ ਡੋਡਾ ਅਤੇ ਸਾਥੀ ਨੀਰਜ ਅਰੋੜਾ ਦੀ ਕਰੋੜਾਂ ਦੀ ਜਾਇਦਾਦ ਵੇਚ ਗਿਆ ।
ਕਥਿਤ ਦੋਸ਼ੀਆਂ ਖਿਲਾਫ਼ ਆਈ ਪੀ ਸੀ ਦੀ ਧਾਰਾ 420,465,467,471,120 ਬੀ ਅਤੇ 356,338,420,465,467,468,471, 120 ਬੀ ਦਰਜ਼ ਕੀਤੇ ਗਏ ਹਨ ।
ਨਾਮਜਦ ਕਥਿਤ ਦੋਸ਼ੀਆਂ ਵਿੱਚ ਸੁਰੇਸ਼ ਸ਼ਰਮਾ , ਮਨੋਜ ਕੁਮਾਰ ,ਰਕੇਸ਼ ਕੁਮਾਰ , ਸ਼ਿਵ ਲਾਲ ਡੋਡਾ , ਸੁਨੀਤਾ ਡੋਡਾ , ਸੁਹਾਨੀ ਡੋਡਾ , ਰਜੀਵ ਚੁੱਘ, ਸੁਰਿੰਦਰ ਕੁਮਾਰ ਟਿੱਡਾ , ਬਿਲਾ ਅਤੇ ਦੂਜੇ ਮੁਕੱਦਮੇ ਵਿੱਚ ਸ਼ਿਵ ਲਾਲ ਡੋਡਾ , ਰੋਹਿਤ ਵਧਵਾ , ਪ੍ਰਸ਼ਾਂਤ ਕੋਹਲੀ , ਇੰਦਰਮੋਹਨ ,ਜਗਤਾਰ ਸਿੰਘ , ਜੁਗਿੰਦਰ ਸਿੰਘ , ਰਘੁਵੀਰ ਸਿੰਘ , ਰਣਜੀਤ ਕੌਰ ਅਤੇ ਰਾਜੀਵ ਚੁੱਘ ਨੂੰ ਨਾਮਜ਼ਦ ਕੀਤਾ ਗਿਆ ਹੈ ।
ਲੰਬੀ ਇਨਕੁਆਰੀ ਤੋਂ ਬਾਅਦ ਦਰਜ਼ ਹੋਈ ਐੱਫ ਆਈ ਆਰ ਵਿੱਚ ਨਾਮਜ਼ਦ ਲੋਕਾਂ ਨੂੰ ਗਿਰਫਤਾਰ ਕਰਨ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ
ਸ਼ਿਵ ਲਾਲ ਡੋਡਾ ਬਹੁਚਰਚਿਤ ਭੀਮ ਟਾਂਕ ਕਤਲ ਕਾਂਡ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਹੈ ਜਦਕਿ ਪੁਲਿਸ ਜੇਲ੍ਹ ਵਿੱਚ ਬੰਦੀ ਦੋਸ਼ੀਆਂ ਤੋਂ ਇਲਾਵਾ ਸਾਰੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਕਨੂੰਨੀ ਕਾਰਵਾਈ ਜਾਰੀ ਹੈ ।