ਅਸ਼ੋਕ ਵਰਮਾ
- ਮੀਂਹ ਪੈਣ ਕਾਰਨ ਮੌਸਮ ਠੰਢਾ- ਗਰਮੀ ਤੋਂ ਰਾਹਤ
ਬਠਿੰਡਾ, 12 ਜੁਲਾਈ 2020 - ਬੀਤੀ ਦੇਰ ਰਾਤ ਤੋਂ ਸ਼ੁਰੂ ਹੋਈ ਬਾਰਸ਼ ਦੇ ਅੱਜ ਦਿਨ ਵਕਤ ਜੋਰ ਫੜ ਜਾਣ ਕਾਰਨ ਬੇਸ਼ੱਕ ਮੌਸਮ ਠੰਢਾ ਹੋ ਗਿਆ ਅਤੇ ਗਰਮੀ ਦੀ ਚੱਕੀ ’ਚ ਪਿਸ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਪਰ ਬਠਿੰਡਾ ਪ੍ਰਸ਼ਾਸ਼ਨ ਦੇ ਵੱਡੇ ਅਫਸਰਾਂ ਦੀਆਂ ਕੋਠੀਆਂ ਦੇ ਨਜ਼ਦੀਕ ਪੈਂਦੇ ਕਈ ਇਲਾਕੇ ਸਮੁੰਦਰ ’ਚ ਤਬਦੀਲ ਹੋ ਗਏ। ਸ਼ਹਿਰ ’ਚ ਸਭ ਤੋਂ ਵੱਧ ਪਾਣੀ ਬਠਿੰਡਾ ਰੇਂਜ ਦੇ ਆਈਜੀ ਦੀ ਕੋਠੀ ਦੇ ਪਿਛਵਾੜੇ ਪੈਂਦੇ ਪਾਵਰ ਹਾਊਸ ਰੋਡ ਤੇ ਖੜਿਆ ਜਦੋਂਕਿ ਮਿੰਨੀ ਸਕੱਤਰੇਤ ਦਾ ਪਿਛਲਾ ਹਿੱਸਾ ਤਾਂ ਕਿਸੇ ਟਾਪੂ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਮਹਿਲਾ ਥਾਣਾ ਸਾਹਮਣੇ ਪਾਣੀ ਜਿਆਦਾ ਅਤੇ ਅੰਦਰ ਪਾਣੀ ਦਾਖਲ ਹੋਣ ਦੇ ਡਰੋਂ ਅਧਿਕਾਰੀਆਂ ਨੂੰ ਮੁੱਖ ਗੇਟ ਬੰਦ ਕਰਨਾ ਪਿਆ। ਇਸ ਤੋਂ ਬਿਨਾਂ ਥਾਣੇ ਦੇ ਮੁਲਾਜਮਾਂ ਅਤੇ ਸ਼ਕਾਇਤਾਂ ਲੈਕੇ ਆਉਣ ਵਾਲਿਆਂ ਲਈ ਵੀ ਵੀ ਮੀਂਹ ਮੁਸ਼ਕਲਾਂ ਵਧਾਉਣ ਵਾਲਾ ਸਾਬਤ ਹੋਇਆ ਹੈ।
ਓਧਰ ਮੌਸਮ ਠੰਢਾ ਹੋਣ ਦਾ ਬੱਚਿਆਂ ਨੇ ਸੜਕਾਂ ਤੇ ਆ ਕੇ ਆਨੰਦ ਮਾਣਿਆ । ਬਾਰਸ਼ ਪੈਣ ਉਪਰੰਤ ਤੱਤੀਆਂ ਹਵਾਵਾਂ ਨੂੰ ਵਿਰਾਮ ਲੱਗ ਗਿਆ ਤੇ ਠੰਢੀਆਂ ਹਵਾਵਾਂ ਨੇ ਦਸਤਕ ਦਿੱਤੀ ਹੈ ।ਬੱਦਲਵਾਈ ਕਾਰਨ ਮੌਸਮ ਵੀ ਖੁਸ਼ਗਵਾਰ ਹੋ ਗਿਆ ਹੈ । ਮੌਸਮ ਵਿਭਾਗ ਮੁਤਾਬਕ ਅੱਜ ਬਠਿੰਡਾ ’ਚ 16ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ ਜਦੋਂਕਿ ਘੱਟ ਤੋਂ ਘੱਟ ਤਾਪਮਾਨ 23.4 ਡਿਗਰੀ ਸੈਲਸ਼ੀਅਸ ਰਿਕਾਰਡ ਕੀਤਾ ਗਿਆ ਹੈ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਰਿਹਾ। ਵਾਤਾਵਰਨ ’ਚ ਨਮੀ ਦੀ ਵੱਧ ਤੋਂ ਵੱਧ ਮਾਤਰਾ 93 ਫੀਸਦੀ ਅਤੇ ਘੱਟ ਤੋਂ ਘੱਟ 86 ਫੀਸਦੀ ਦਰਜ ਹੋਈ ਹੈ । ਮੌਸਮ ਮਾਹਿਰਾਂ ਮੁਤਾਬਕ ਅਗਾਮੀ 24 ਘੰਟਿਆਂ ਦਰਮਿਆਨ ਦਰਮਿਆਨੀ ਤੋਂ ਭਾਰੀ ਬਾਰਸ਼ ਦੇ ਅਨੁਮਾਨ ਹਨ । ਬਾਰਸ਼ ਕਾਰਨ ਸ਼ਹਿਰ ਦੇ ਲਾਈਨੋਪਾਰ ਇਲਾਕੇ। ਸਮੇਤ ਕਈ ਇਲਾਕਿਆਂ ’ਚ ਪਾਣੀ ਖੜਨ ਕਾਰਨ ਮੁਸ਼ਕਲਾਂ ਵਧ ਗਈਆਂ ਹਨ। ਪਰਸ ਰਾਮ ਨਗਰ ’ਚ ਤਾਂ ਪਾਣੀ ਕਾਰਨ ਦੁਕਾਨਾਂ ਬੰਦ ਕਰਨੀਆਂ ਪਈਆਂ ਹਨ।
ਇਸੇ ਤਰ੍ਹਾਂ ਹੀ ਪਾਵਰ ਹਾਊਸ ਰੋਡ ਤੇ ਕਈ ਸਕੂਟਰ ਬੰਦ ਹੋ ਗਏ ਜਦੋਂਕਿ ਇੱਕ ਕਾਰ ਦੇ ਫਸਣ ਤੋਂ ਇਲਾਵਾ ਕਈ ਥਾਵਾਂ 'ਤੇ ਪਾਣੀ ਜਮਾਂ ਹੋਣ ਦੇ ਨਤੀਜੇ ਵਜੋਂ ਗੱਡੀਆਂ ਅਤੇ ਕਾਰਾਂ ਦੇ ਪਾਣੀ ’ਚ ਡੁੱਬਣ ਦੀਆਂ ਖਬਰਾਂ ਹਨ ਪਰ ਨੁਕਸਾਨ ਤੋਂ ਬਚਾਅ ਰਿਹਾ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਅੰਦਰ ਹੜਾਂ ਵਰਗੀ ਸਥਿਤੀ ’ਤੇ ਕੰਟਰੋਲ ਕਰਨ ਲਈ ਬਠਿੰਡਾ ਸ਼ਹਿਰ ਨੂੰ 15 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਪਰ ਇਸ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ ਹੈ। ਸਿਹਤ ਮਾਹਿਰਾਂ ਨੇ ਦੱਸਿਆ ਕਿ ਗਰਮੀ ਸਦਕਾ ਮੱਛਰ ਦੀ ਪੈਦਾਇਸ਼ ਵਧੇਗੀ । ਨਗਰ ਨਿਗਮ ਦਾ ਪੱਖ ਜਾਨਣ ਲਈ ਐਸਈ ਸੰਦੀਪ ਗੁਪਤਾ ਨਾਲ ਸੰਪਰਕ ਕੀਤਾ ਪਰ ਉਨਾਂ ਦਾ ਫੋਨ ਨਹੀਂ ਮਿਲਿਆ ਜਦੋਂਕਿ ਓਪਰੇਸ਼ਨ ਐਂਡ ਮੇਂਟੀਨੈਂਸ ਸੈਲ ਦਾ ਕਹਿਣਾ ਹੈ ਕਿ ਮੋਟਰਾਂ ਚੱਲ ਰਹੀਆਂ ਹਨ ਤੇ ਪਾਣੀ ਲਗਾਤਾਰ ਕੱਢਿਆ ਜਾ ਰਿਹਾ ਹੈ।
ਸੂਲੀ ਟੰਗਿਆ ਲਾਈਨੋਪਾਰ ਇਲਾਕਾ
ਲਾਈਨੋਪਾਰ ਇਲਾਕੇ ’ਚ ਪੈਂਦੇ ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਆਦਿ ’ਚ ਬਾਰਸ਼ ਨੇ ਲੋਕ ਸੂਲੀ ਟੰਗ ਦਿੱਤੇ ਹਨ। ਤਿੰਨ ਚਾਰ ਦਿਨ ਪਹਿਲਾਂ ਹੋਈ ਬਾਰਸ਼ ਨੂੰ ਦੇਖਦਿਆਂ ਅਜੇ ਲੋਕ ਸੰਭਲੇ ਵੀ ਨਹੀਂ ਸੀ ਕਿ ਅੰਬਰੋਂ ਬਰਸੇ ਪਾਣੀ ਨੇ ਚਾਰੇ ਪਾਸੇ ਜਲਥਲ ਕਰ ਦਿੱਤਾ ।ਇਸ ਇਲਾਕੇ ਦੇ ਜਨਤਕ ਆਗੂ ਸੰਜੀਵ ਕੁਮਾਰ ਸੋਨੀ ਪ੍ਰਧਾਨ ਦਾ ਕਹਿਣਾ ਸੀ ਕਿ ਪਾਣੀ ਕਾਰਨ ਕਈ ਸਕੂਟਰੀਆਂ ਆਦਿ ਦਾ ਨੁਕਸਾਨ ਹੋਇਆ ਹੈ। ਉਨਾਂ ਆਖਿਆ ਕਿ ਕੁਝ ਦਿਨ ਪਹਿਲਾਂ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਭਵਿੱਖ ’ਚ ਸਮੱਸਿਆ ਨਹੀਂ ਆਵੇਗੀ ਪਰ ਲੀਡਰਾਂ ਦੇ ਵਾਅਦੇ ਹਵਾਈ ਕਿਲੇ ਸਾਬਤ ਹੋਏ ਹਨ।
ਨਿਗਮ ਦੇ ਦਾਅਵੇ ਖੋਖਲੇ: ਅਗਰਵਾਲ
ਆਮ ਆਦਮੀ ਪਾਰਟੀ ਦੇ ਆਗੂ ਅੰਮਿ੍ਰਤ ਲਾਲ ਅੱਗਰਵਾਲ ਨੇ ਆਖਿਆ ਹੈ ਕਿ ਅਧਿਕਾਰੀ ਜੋ ਮਰਜੀ ਕਹਿਣ ਪਾਣੀ ਦੀ ਨਿਕਾਸੀ ਲਈ ਖਰਚੇ ਗਏ ਕਰੋੜਾਂ ਰੁਪਏ ਦੇ ਬਾਵਜੂਦ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਤੋਂ ਛੁਟਕਾਰਾ ਨਹੀਂ ਮਿਲਿਆ ਹੈ । ਉਨਾਂ ਆਖਿਆ ਕਿ ਮੀਂਹ ਦਾ ਪਾਣੀ ਰੁਕਣ ਨਾਲ ਹੀ ਨਗਰ ਨਿਗਮ ਵੱਲੋਂ ਨਿਕਾਸੀ ਦੇ ਕੀਤੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਜਦੋਂ ਝੜੀ ਨਾਲ ਬਰਸਾਤ ਹੋਈ ਤਾਂ ਕੀ ਹਾਲ ਹੋਵੇਗਾ ਇਸ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ।