ਜੀ ਐਸ ਪੰਨੂ
- ਨਗਰ ਨਿਗਮ ਦੇ ਬ੍ਰਾਹਮਣ ਮੇਅਰ ਕੱਟਣ ਪਵਿੱਤਰ ਪਿੱਪਲ ਦੇ ਦਰੱਖਤ, ਹੈ ਸ਼ਰਮ ਦੀ ਗੱਲ
ਪਟਿਆਲਾ, 12 ਜੁਲਾਈ 2020 - ਪਟਿਆਲਾ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਰਾਜਿੰਦਰਾ ਝੀਲ ਦੇ ਚੱਲ ਰਹੇ ਨਵੀਨੀਕਰਨ ਦੇ ਕੰਮ ਵਿੱਚ ਝੀਲ ਵਿੱਚੋਂ ਵੱਡੀ ਗਿਣਤੀ ਵਿੱਚ ਦਰਖਤਾਂ ਨੂੰ ਕੱਟਿਆ ਗਿਆ ਹੈ, ਜਿਸ ਵਿੱਚ 70 ਸਾਲ ਪੁਰਾਣੇ ਹਿੰਦੂ ਸਮਾਜ ਲਈ ਪਵਿੱਤਰ ਮੰਨੇ ਜਾਂਦੇ ਕਈ ਪਿੱਪਲ ਦੇ ਦਰਖਤ ਵੀ ਕੱਟੇ ਗਏ ਹਨ, ਅਤੇ ਨਾਲ ਹੀ ਝੀਲ ਵਿੱਚੋਂ ਕਾਫੀ ਮਾਤਰਾ ਵਿੱਚ ਮਿੱਟੀ ਨੂੰ ਕੱਢਕੇ ਖੁਰਦ ਬੁਰਦ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਪਟਿਆਲਾ ਦੇ ਮੀਡੀਆ ਵਿੰਗ ਅਤੇ ਯੂਥ ਵਿੰਗ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਝੀਲ ਦਾ ਦੌਰਾ ਕਰਕੇ ਸੱਚ ਜਾਨਣ ਦੀ ਕੋਸ਼ਿਸ਼ ਕੀਤੀ। ਮੀਡੀਆ ਇੰਚਾਰਜ, ਆਮ ਆਦਮੀ ਪਾਰਟੀ ਪਟਿਆਲਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਰਾਜਿੰਦਰਾ ਝੀਲ ਦੇ ਨਵੀਨੀਕਰਨ ਦਾ ਕੰਮ ਨਗਰ ਨਿਗਮ ਪਟਿਆਲਾ ਅਤੇ ਪੀ ਡਬਲਿਊ ਡੀ ਦੇ ਵਲੋਂ ਚੱਲ ਰਿਹਾ ਹੈ। ਅੱਜ ਪਾਰਟੀ ਦੇ ਮੀਡੀਆ ਇੰਚਾਰਜ ਸੰਦੀਪ ਬੰਧੂ ਅਤੇ ਯੂਥ ਵਿੰਗ ਦੇ ਜਿਲ੍ਹਾ ਉਪ-ਪ੍ਰਧਾਨ ਸੰਨੀ ਪਟਿਆਲਾ, ਜਿਲ੍ਹਾ ਜਰਨਲ ਸਕੱਤਰ ਵਰਿੰਦਰ ਗੌਤਮ ਅਤੇ ਯੂਥ ਆਗੂ ਗੋਲੂ ਰਾਜਪੂਤ ਨੇ ਝੀਲ ਦਾ ਦੌਰਾ ਕੀਤਾ ਅਤੇ ਉਥੇ ਦੇਖਿਆ ਕਿ ਝੀਲ ਤੋਂ ਕਾਫੀ ਮਾਤਰਾ ਵਿੱਚ ਦਰੱਖਤਾਂ ਨੂੰ ਕੱਟਿਆ ਗਿਆ ਹੈ, ਅਤੇ ਝੀਲ ਵਿੱਚੋਂ ਕਾਫੀ ਮਾਤਰਾ ਵਿੱਚ ਮਿੱਟੀ ਵੀ ਕੱਢੀ ਗਈ ਹੈ। ਇਨ੍ਹਾਂ ਕੱਟੇ ਗਏ ਦਰੱਖਤਾਂ ਵਿੱਚ ਕਾਫੀ ਗਿਣਤੀ ਵਿੱਚ ਪਿੱਪਲ ਦੇ ਦਰੱਖਤ ਹਨ, ਜਿੰਨਾਂ ਨੂੰ ਹਿੰਦੂ ਸਮਾਜ ਵਿੱਚ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਪਿੱਪਲ ਦੇ ਦਰੱਖਤ ਤਕਰੀਬਨ 70 ਸਾਲ ਪੁਰਾਣੇ ਸਨ। ਇਹਨਾਂ ਉਪਰ ਜੰਗਲਾਤ ਵਿਭਾਗ ਵਲੋਂ ਨੰਬਰ ਵੀ ਲਗਾਏ ਹੋਏ ਸਨ। ਕਿਉਂਕਿ ਉਥੇ ਹੋਰ ਦਰੱਖਤਾਂ ਤੇ ਵੀ ਨੰਬਰ ਲੱਗੇ ਹੋਏ ਹਨ।
ਸੰਦੀਪ ਬੰਧੂ ਨੇ ਕਿਹਾ ਕਿ ਇਹਨਾਂ ਪਵਿੱਤਰ ਦਰੱਖਤਾਂ ਨੂੰ ਕੱਟਣ ਦੀ ਕੀ ਲੋੜ ਪੈ ਗਈ ਸੀ। ਕਿਉਂਕਿ ਇਹ ਦਰੱਖਤ ਝੀਲ ਵਿੱਚ ਬਿਲਕੁਲ ਇਕ ਪਾਸੇ ਖੜੇ ਸਨ, ਅਤੇ ਨਾਲ ਹੀ ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਆਉਣ ਜਾਣ ਵਾਲੇ ਭਗਤ ਵੀ ਇਹਨਾਂ ਦਰੱਖਤਾਂ ਦੀ ਪੂਜਾ ਕਰਦੇ ਸਨ। ਕਿਉਂਜੋ ਹਿੰਦੂ ਸਮਾਜ ਦੀ ਮਾਨਤਾ ਹੈ ਕਿ ਪਿੱਪਲ ਦੇ ਦਰੱਖਤ ਵਿੱਚ ਭਗਵਾਨ ਬ੍ਰਹਮਾ ਜੀ ਦਾ ਵਾਸ ਹੁੰਦਾ ਹੈ, ਜਿਸ ਕਰਕੇ ਸਾਰਾ ਹਿੰਦੂ ਸਮਾਜ ਪਿੱਪਲ ਦੀ ਬੜੀ ਸ਼ਰਧਾ ਨਾਲ ਪੂਜਾ ਕਰਦਾ ਹੈ। ਨਾਲ ਹੀ ਪਿੱਪਲ ਦਾ ਦਰਖਤ ਆਪਣੇ ਵਿੱਚੋਂ ਵੱਡੀ ਮਾਤਰਾ ਵਿੱਚ ਆਕਸੀਜਨ ਵੀ ਛੱਡਦਾ ਹੈ, ਜਿਸ ਨਾਲ ਵਾਤਾਵਰਨ ਨੂੰ ਸ਼ੁੱਧੀ ਮਿਲਦੀ ਹੈ। ਉਹਨਾਂ ਕਿਹਾ ਕਿ ਇਹਨਾਂ ਦਰੱਖਤਾਂ ਨੂੰ ਕੱਟਣ ਦੀ ਕੋਈ ਲੋੜ ਨਹੀਂ ਸੀ, ਜੇਕਰ ਤਕਨੀਕ ਦੇ ਸਹਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਦੀ ਲੀਲਾ ਭਵਨ ਵਾਲੀ ਪੁਰਾਣੀ ਕੋਠੀ ਵਿੱਚੋਂ ਵੱਡੇ ਵੱਡੇ ਦਰੱਖਤ ਨੂੰ ਪੁੱਟਕੇ ਉਹਨਾਂ ਦੇ ਫਾਰਮ ਹਾਊਸ ਤੇ ਸਿਫਟ ਕੀਤੇ ਜਾ ਸਕਦੇ ਹਨ, ਤਾਂ ਫੇਰ ਇਹਨਾਂ ਪਵਿੱਤਰ ਦਰੱਖਤਾਂ ਨੂੰ ਵੀ ਕਿਸੇ ਹੋਰ ਥਾਂ ਸਿਫਟ ਕੀਤਾ ਜਾ ਸਕਦਾ ਸੀ। ਪਰ ਉਹ ਨਾ ਕਰਕੇ ਪ੍ਰਸ਼ਾਸ਼ਨ ਨੇ ਜਾਣ ਬੁੱਝ ਕੇ ਇਹਨਾਂ ਪਵਿੱਤਰ ਦਰੱਖਤਾਂ ਨੂੰ ਕੱਟਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਕੰਮ ਕੀਤਾ ਹੈ। ਪਟਿਆਲਾ ਨਗਰ ਨਿਗਮ ਦੇ ਮੇਅਰ ਆਪ ਖੁਦ ਇਕ ਬ੍ਰਾਹਮਣ ਹਨ ਅਤੇ ਉਹਨਾਂ ਨੂੰ ਪਿੱਪਲ ਦੇ ਪਵਿੱਤਰ ਦਰੱਖਤ ਦੀ ਮਹੱਹਤਾ ਬਾਰੇ ਚੰਗੀ ਤਰਾਂ ਪਤਾ ਹੈ, ਪਰ ਫੇਰ ਵੀ ਜੇਕਰ ਉਹਨਾਂ ਦੇ ਰਾਜ ਵਿੱਚ ਇਹ ਦਰੱਖਤ ਕੱਟੇ ਗਏ ਹਨ, ਤੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ, ਤਾਂ ਫੇਰ ਉਹਨਾਂ ਵਾਸਤੇ ਬੜੇ ਹੀ ਸ਼ਰਮ ਦੀ ਗਲ ਹੈ।
ਸੰਦੀਪ ਬੰਧੂ ਨੇ ਕਿਹਾ ਕਿ ਨਾਲ ਹੀ ਉਹਨਾਂ ਨੇ ਉਥੇ ਦੇਖਿਆ ਕਿ ਝੀਲ ਵਿੱਚੋਂ ਕਾਫੀ ਵੱਡੀ ਮਾਤਰਾ ਵਿੱਚ ਮਿੱਟੀ ਕੱਢੀ ਗਈ ਹੈ। ਜਿਸਦੇ ਨਿਸਾਨ ਹਾਲੇ ਵੀ ਝੀਲ ਵਿੱਚ ਹਨ, ਜਿੰਨਾਂ ਨੂੰ ਦੇਖਣ ਤੋਂ ਪਤਾ ਲਗਦਾ ਹੈ ਕਿ ਝੀਲ ਵਿੱਚੋਂ 2-3 ਫੁੱਟ ਤਕ ਮਿੱਟੀ ਨੂੰ ਕੱਢਿਆ ਗਿਆ ਹੈ। ਪਟਿਆਲਾ ਦਾ ਨਗਰ ਨਿਗਮ ਜਾਂ ਪਟਿਆਲਾ ਪ੍ਰਸ਼ਾਸ਼ਨ ਇਸ ਗੱਲ ਦਾ ਜਵਾਬ ਦੇਣ ਕਿ ਜਿਹੜੀ ਝੀਲ ਵਿੱਚੋਂ ਕਾਫੀ ਮਾਤਰਾ ਵਿੱਚ ਮਿੱਟੀ ਕੱਢੀ ਗਈ ਹੈ, ਉਹ ਮਿੱਟੀ ਝੀਲ ਵਿੱਚੋਂ ਕੱਢਕੇ ਕਿੱਥੇ ਸੁੱਟੀ ਗਈ ਹੈ, ਜਾਂ ਫੇਰ ਮਿੱਟੀ ਨੂੰ ਹੋਰ ਕਿਹੜੇ ਵਿਕਾਸ ਦੇ ਕੰਮਾਂ ਲਈ ਵਰਤਿਆ ਗਿਆ ਹੈ ਜਾਂ ਫੇਰ ਮਿੱਟੀ ਨੂੰ ਕਿਥੇ, ਕਿਸ ਕੋਲ ਕਿੰਨੇ ਪੈਸੇ ਵਿੱਚ ਵੇਚਿਆ ਗਿਆ ਹੈ ? ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ਵਿੱਚ ਘਪਲਾ ਹੋਣ ਦਾ ਸੱਕ ਹੋ ਰਿਹਾ ਹੈ ਕਿ ਝੀਲ ਵਿੱਚੋਂ ਪਵਿੱਤਰ ਪਿੱਪਲ ਦੇ ਅਤੇ ਹੋਰ ਦਰੱਖਤਾਂ ਨੂੰ ਕੱਟਕੇ ਉਹਨਾਂ ਦੀ ਕੀਮਤੀ ਲੱਕੜ ਅਤੇ ਝੀਲ ਵਿਚੋਂ ਮਿੱਟੀ ਕੱਢਕੇ ਵੇਚ ਦਿੱਤੀ ਗਈ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਪਟਿਆਲਾ ਸਮੂਹਿਕ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕਸਭਾ ਮੈਂਬਰ ਪਰਨੀਤ ਕੌਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕਰਦੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਕਿ ਕਿਸ ਵਿਭਾਗ ਦੇ ਜਾਂ ਕਿਸ ਅਧਿਕਾਰੀ ਦੇ ਕਹਿਣ ਤੇ ਪਿੱਪਲ ਦੇ ਪਵਿੱਤਰ ਅਤੇ ਹੋਰਨਾਂ ਦਰੱਖਤਾਂ ਨੂੰ ਕੱਟਕੇ ਹਿੰਦੂ ਸਮਾਜ ਦੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ, ਨਾਲ ਹੀ ਕਿਸ ਦੇ ਕਹਿਣ ਤੇ ਝੀਲ ਵਿੱਚੋਂ ਮਿੱਟੀ ਨੂੰ ਕੱਢਕੇ ਖੁਰਦ ਬੁਰਦ ਕੀਤਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਪਟਿਆਲਾ ਦੇ ਲੋਕਾਂ ਅਤੇ ਖਾਸ ਕਰਕੇ ਪਵਿੱਤਰ ਪਿੱਪਲ ਦੇ ਦਰੱਖਤ ਕੱਟਣ ਵਾਲੇ ਦੋਸ਼ੀਆਂ ਨੂੰ ਹਿੰਦੂ ਸਮਾਜ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਹਿੰਦੂ ਸਮਾਜ ਨੂੰ ਨਾਲ ਲੈਕੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਸੜਕਾਂ ਤੇ ਉਤਰਕੇ ਸੰਘਰਸ਼ ਕਰੇਗੀ।