ਜੀ ਐਸ ਪੰਨੂ
ਪਟਿਆਲਾ, 12 ਜੁਲਾਈ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਵਿਖੇ ਕਰੀਬ 1100 ਏਕੜ 'ਚ ਵਿਕਸਤ ਕੀਤੇ ਜਾਣ ਵਾਲੇ ਏਕੀਕ੍ਰਿਤ ਉਦਪਾਦਨ ਕਲੱਸਟਰ (ਆਈ.ਐਮ.ਸੀ) ਨਾਲ ਜਿੱਥੇ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਉੱਥੇ ਹੀ ਰਾਜ ਦੇ ਨੌਜਵਾਨਾਂ, ਖਾਸ ਕਰਕੇ ਇਸ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ।
ਮੁੱਖ ਮੰਤਰੀ ਅੱਜ ਸ਼ਾਮ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਆਪਣੀ ਜੰਗ 'ਮਿਸ਼ਨ ਫ਼ਤਿਹ' ਦੌਰਾਨ ਅਰੰਭ ਕੀਤੇ ਗਏ ਵਿਸ਼ੇਸ਼ ਫੇਸਬੁਕ ਲਾਈਵ ਪ੍ਰੋਗਰਾਮ 'ਕੈਪਟਨ ਨੂੰ ਪੁੱਛੋ' ਦੌਰਾਨ ਪਟਿਆਲਾ ਦੇ ਹਲਕਾ ਘਨੌਰ ਦੀ ਵਾਰਡ ਨੰਬਰ 5 ਦੇ ਵਸਨੀਕ ਕਮਲ ਸ਼ਰਮਾ ਵੱਲੋਂ ਪੁੱਛੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ।
ਕਮਲ ਸ਼ਰਮਾ ਨੇ ਪੁੱਛਿਆ ਸੀ ਕਿ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਵੱਲੋਂ ਹਲਕਾ ਘਨੌਰ 'ਚ ਕਰੀਬ 1600 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਇਸ ਪ੍ਰਾਜੈਕਟ ਦਾ ਇਲਾਕੇ ਦੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਕੀ ਲਾਭ ਹੋਵੇਗਾ ਤੇ ਕਿਹੜੇ-ਕਿਹੜੇ ਉਦਯੋਗ ਆਉਣਗੇ?
ਜਦੋਂਕਿ ਇਸੇ ਦੌਰਾਨ ਰਾਜਪੁਰਾ ਦੇ ਇੱਕ ਹੋਰ ਵਸਨੀਕ ਗੁਰਪ੍ਰੀਤ ਸਿੰਘ ਸੈਣੀ ਵੱਲੋਂ ਆਪਣੇ ਦਾਦਾ ਜੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਲਟਨ ਨਾਲ ਸਬੰਧਤ ਹੋਣ ਬਾਰੇ ਦੱਸਣ ਅਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਜਤਾਉਣ 'ਤੇ ਕੈਪਟਨ ਨੇ ਕਿਹਾ ਕਿ, 'ਤੁਹਾਡੇ ਆਪਣੇ ਦਾਦਾ ਜੀ ਨੂੰ ਮਿਲਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ।'
ਸੈਣੀ ਵੱਲੋਂ ਸੈਕੰਡ ਸਿੱਖ ਖੜਗਵਾਸਲਾ ਦਾ ਜਿਕਰ ਕਰਨ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੂੰ ਆਪਣੀ ਪਲਟਨ ਤੋਂ ਵਿਦਾ ਲਈ ਨੂੰ 50 ਸਾਲਾਂ ਤੋਂ ਉਪਰ ਹੋ ਗਏ ਹਨ ਪਰੰਤੂ ਅੱਜ ਵੀ ਉਨ੍ਹਾਂ ਨੂੰ ਆਪਣੀ ਪਲਟਨ ਨਾਲ ਮੋਹ ਹੈ। ਮੁੱਖ ਮੰਤਰੀ ਨੇ ਗੁਰਪ੍ਰੀਤ ਸਿੰਘ ਸੈਣੀ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਦਾਦਾ ਜੀ ਨੂੰ ਚੰਡੀਗੜ੍ਹ ਬੁਲਾਉਣ ਲਈ ਗੱਡੀ ਭੇਜਣਗੇ ਅਤੇ ਉਨ੍ਹਾਂ ਨਾਲ ਮੁਲਾਕਾਤ ਜਰੂਰ ਕਰਨਗੇ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ-ਕੋਲਕਾਤਾ ਮਾਰਗਾਂ 'ਤੇ ਸਥਾਪਤ ਹੋਣ ਵਾਲੇ ਇਹ 4 ਪ੍ਰਾਜੈਕਟ ਜਿੱਥੇ ਸੂਬੇ ਦੀ ਆਰਥਿਕ ਤਰੱਕੀ ਲਈ ਉਦਯੋਗੀਕਰਨ ਦੀ ਗਤੀ ਨੂੰ ਤੇਜ਼ ਕਰਨ ਅਤੇ ਵੱਡੀ ਪੱਧਰ 'ਤੇ ਰੁਜ਼ਗਾਰ ਸਮਰੱਥਾ ਵਧਾਉਣ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਣਗੇ, ਉਥੇ ਹੀ ਇਲਾਕੇ ਲਈ ਵੀ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇੱਥੇ ਵਿਸ਼ਵ ਦੇ ਅਤਿਆਧੁਨਿਕ ਉਦਯੋਗ ਇੱਥੇ ਆਉਣਗੇ, ਜਿਸ ਨਾਲ ਪੰਜਾਬ ਸਮੇਤ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਅਤੇ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ।
ਕੌਮੀ ਉਦਯੋਗਿਕ ਕੋਰੀਡੋਰ ਵਿਕਾਸ ਕਾਰਪੋਰੇਸ਼ਨ ਦੀ ਸਹਾਇਤਾ ਨਾਲ 1100 ਏਕੜ ਸਰਕਾਰੀ ਅਤੇ ਪੰਚਾਇਤੀ ਜ਼ਮੀਨ ਉੱਪਰ ਹਲਕਾ ਘਨੌਰ ਵਿਖੇ ਸਥਾਪਤ ਹੋਣ ਵਾਲੇ ਇਸ ਏਕੀਕ੍ਰਿਤ ਉਦਪਾਦਨ ਕਲੱਸਟਰ (ਆਈ.ਐਮ.ਸੀ) ਦੇ ਪ੍ਰਾਜੈਕਟ ਨੂੰ ਪੰਜਾਬ ਮੰਤਰੀ ਮੰਡਲ ਦੀ ਪਿਛਲੇ ਦਿਨੀ ਹੋਈ ਬੈਠਕ ਦੌਰਾਨ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਲੁਧਿਆਣਾ, ਬਠਿੰਡਾ ਤੇ ਫ਼ਤਿਹਗੜ੍ਹ ਸਾਹਿਬ ਵਿਖੇ ਵੀ ਅਜਿਹੇ ਪ੍ਰਾਜੈਕਟ ਸਥਾਪਤ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਤੇ ਰੁਜ਼ਗਾਰ ਸਮਰੱਥਾ ਦੀ ਮਜ਼ਬੂਤੀ ਲਈ ਸਥਾਪਤ ਹੋਣ ਵਾਲੇ ਇਸ ਪ੍ਰਾਜੈਕਟ ਲਈ ਕੁੱਲ 1102 ਏਕੜ ਪੰਚਾਇਤੀ ਜ਼ਮੀਨ ਵਿਚੋਂ 492 ਏਕੜ ਪਿੰਡ ਸੇਹਰਾ, 202 ਸੇਹਰੀ, 183 ਆਕੜੀ, 177 ਪੱਬਰਾ ਅਤੇ 48 ਏਕੜ ਪਿੰਡ ਤਖਤੂ ਮਾਜਰਾ ਨਾਲ ਸਬੰਧਤ ਹੈ।
ਜਿਕਰਯੋਗ ਹੈ ਕਿ ਇਹ ਅਹਿਮ ਪ੍ਰਾਜੈਕਟ ਸੂਬੇ ਅੰਦਰ ਉਦਯੋਗਿਕ/ਆਰਥਿਕ ਕੇਂਦਰਾਂ ਦੇ ਵਿਕਾਸ ਦੀ ਜ਼ਰੂਰੀ ਲੋੜ ਨੂੰ ਪੂਰਾ ਕਰਨ ਦੇ ਆਸ਼ੇ ਅਨੁਸਾਰ ਸਥਾਪਤ ਹੋਣ ਵਾਲਾ ਇਹ ਅਹਿਮ ਪ੍ਰਾਜੈਕਟ ਸੰਭਾਵਿਤ ਉੱਦਮੀਆਂ/ਉਦਯੋਗਪਤੀਆਂ ਦੁਆਰਾ ਉਨ੍ਹਾਂ ਦੇ ਪ੍ਰਾਜੈਕਟ ਤੇਜ਼ੀ ਨਾਲ ਸਥਾਪਤ ਕੀਤੇ ਜਾਣ ਦੀਆਂ ਜ਼ਰੂਰਤਾਂ ਦੀ ਵੀ ਪੂਰਤੀ ਕਰੇਗਾ।
ਆਪਣੇ ਫੇਸਬੁਕ ਲਾਇਵ ਪ੍ਰੋਗਰਾਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਮਿਸ਼ਨ ਫ਼ਤਿਹ ਤਹਿਤ ਸਮਾਜਿਕ ਵਿੱਥ, ਮਾਸਕ ਪਾਉਣ ਅਤੇ ਹੱਥ ਵਾਰ-ਵਾਰ ਧੋਣ 'ਤੇ ਪਹਿਰਾ ਦੇ ਕੇ ਮਿਸ਼ਨ ਫ਼ਤਿਹ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।