← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 12 ਜੁਲਾਈ : ਸਥਾਨਕ ਪ੍ਰੇਮ ਗਲੀ ਅੰਦਰ ਇੱਕ ਥੜ੍ਹੀ ਨੂੰ ਲੈ ਕੇ ਛਿੜਿਆ ਵਿਵਾਦ ਉਸ ਵਕਤ ਜਾਨਲੇਵਾ ਸਾਬਤ ਹੋਇਆ ਜਦੋਂ ਗੁਆਂਢੀਆਂ ਵੱਲੋਂ ਪ੍ਰੇਸ਼ਾਨ ਕਰਨ ਤੇ ਇਲਾਜ ਲਈ ਦਾਖ਼ਲ ਵਿਅਕਤੀ ਦੀ ਮੌਤ ਹੋ ਗਈ । ਇਸ ਸਬੰਧੀ ਪੁਲਿਸ ਥਾਣਾ ਸਿਟੀ ਫਾਜ਼ਿਲਕਾ ਅੰਦਰ 4 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ਼ ਹੋਇਆ ਹੈ । ਊਸ਼ਾ ਰਾਣੀ ਪਤਨੀ ਅੰਮ੍ਰਿਤ ਲਾਲ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤੇ ਗਏ ਮੁਕੱਦਮੇ ਵਿੱਚ ਦੋਸ਼ ਹੈ ਕਿ ਟੋਨੀ ਪੁੱਤਰ ਕਿਸ਼ੋਰ ਚੰਦ , ਜੋਧਾ ਪੁੱਤਰ ਬਿੱਟੂ , ਵਿੱਕੀ ਧੂੜੀਆ ਅਤੇ ਬਿੱਟੂ ਬੇਦੀ ਵਾਸੀ ਪ੍ਰੇਮ ਗਲੀ ਫਾਜ਼ਿਲਕਾ ਗਲੀ ਵਿੱਚ ਬਣੀ ਖੜ੍ਹੀ ਕਾਰਨ ਲੜਾਈ ਝਗੜਾ ਕਰ ਰਹੇ ਸਨ । ਇਸ ਪ੍ਰੇਸ਼ਾਨੀ ਕਾਰਨ ਅੰਮ੍ਰਿਤ ਲਾਲ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ । ਜਾਂਚ ਅਧਿਕਾਰੀ ਏ ਐੱਸ ਆਈ ਕ੍ਰਿਸ਼ਨ ਲਾਲ ਅਨੁਸਾਰ ਉਪਰੋਕਤ ਦੋਸ਼ੀਆਂ ਖਿਲਾਫ ਆਈ ਪੀ ਸੀ ਦੀ ਧਾਰਾ 304 , 34 ਅਧੀਨ ਮੁਕੱਦਮਾ ਦਰਜ਼ ਕੀਤਾ ਗਿਆ ਹੈ । ਮ੍ਰਿਤਕ ਦੇਹ ਪੋਸਟ ਮਾਰਟਮ ਕਰਨ ਬਾਅਦ ਵਾਰਸ ਨੂੰ ਸੌਂਪੀ ਜਾਵੇਗੀ ।
Total Responses : 260