← ਪਿਛੇ ਪਰਤੋ
ਅਜੇ ਕਿਸੇ ਵੀ ਜਮਾਤ ਦਾ ਸਿਲੇਬਸ ਘੱਟ ਨਹੀਂ ਕੀਤਾ, ਪਾਠਕ੍ਰਮ ਘੱਟ ਕਰਨ ਬਾਰੇ ਮਾਹਿਰਾਂ ਦੀ ਕਮੇਟੀ ਬਣਾਈ ਜਾਵੇਗੀ- ਜਗਤਾਰ ਸਿੰਘ ਕੁਲਰੀਆਂ ਵੈੱਬਸਾਈਟ ਉੱਤੇ ਬਿਨਾਂ ਪ੍ਰਵਾਨਗੀ ਤੋਂ ਘੱਟ ਕੀਤਾ ਪਾਠਕ੍ਰਮ ਪਾਉਣ ਦਾ ਲਿਆ ਨੋਟਿਸ, ਕੋਤਾਹੀ ਵਰਤਣ ਵਾਲੇ ਕਰਮਚਾਰੀ ਵਿਰੁੱਧ ਕਾਰਵਾਈ ਲਈ ਬੋਰਡ ਨੂੰ ਲਿਖਿਆ ਪੱਤਰ ਚੰਡੀਗੜ੍ਹ 13 ਜੁਲਾਈ , 2020 : ਪੰਜਾਬ ਸਰਕਾਰ ਨੇ ਹਾਲ ਦੀ ਘੜੀ ਕਿਸੇ ਵੀ ਜਮਾਤ ਦਾ ਸਿਲੇਬਸ ਘੱਟ ਕੀਤੇ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨੌਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਦਾ ਸੈਸ਼ਨ 2020-21 ਲਈ ਪੜਾਇਆ ਜਾਣ ਵਾਲਾ ਪਾਠਕ੍ਰਮ ਘੱਟ ਕਰਕੇ ਬੋਰਡ ਦੀ ਵੈੱਬਸਾਈਟ ਉੱਪਰ ਪਾਇਆ ਗਿਆ ਸੀ ਜਿਸ ਦਾ ਨੋਟਿਸ ਲੈਂਦਿਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਮਾਮਲਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧਿਆਨ ਵਿੱਚ ਲਿਆਉਣ ਨਾਲ ਬੋਰਡ ਵੱਲੋਂ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ। ਬੁਲਾਰੇ ਅਨੁਸਾਰ ਇਹ ਸਿਲੇਬਸ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਬੋਰਡ ਦੀ ਵੈੱਬਸਾਈਟ ’ਤੇ ਅੱਪਲੋਡ ਕਰ ਦਿੱਤਾ ਗਿਆ ਜੋ ਕਿ ਇੱਕ ਗੰਭੀਰ ਕੁਤਾਹੀ ਹੈ। ਬੁਲਾਰੇ ਅਨੁਸਾਰ ਜਿਸ ਵੀ ਕਰਮਚਾਰੀ ਨੇ ਇਹ ਸਿਲੇਬਸ ਸਾਈਟ ਉੱਪਰ ਅੱਪਲੋਡ ਕੀਤਾ ਹੈ ਉਸ ਵਿਰੁੱਧ ਵਿਭਾਗੀ ਕਾਰਵਾਈ ਕਰਨ ਲਈ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲਿਖ ਦਿੱਤਾ ਗਿਆ ਹੈ। ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਜਗਤਾਰ ਸਿੰਘ ਕੁਲਰੀਆਂ ਨੇ ਦੱਸਿਆ ਕਿ ਕੋਵਿਡ-19 ਦੇ ਕਾਰਨ ਪਾਠਕ੍ਰਮ ਨੂੰ ਘੱਟ ਕਰਨ ਲਈ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਿੱਚ ਬਕਾਇਦਾ ਤੌਰ ‘ਤੇ ਸਿੱਖਿਆ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕਰਨ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ। ਕਮੇਟੀ ਵੱਲੋਂ ਪੂਰੀ ਪੁਣਛਾਣ ਕਰਨ ਤੋਂ ਬਾਅਦ ਇਹ ਸਿਫ਼ਾਰਸ਼ਾਂ ਸਰਕਾਰ ਨੂੰ ਭੇਜੀਆਂ ਜਾਣਗੀਆਂ ਅਤੇ ਸਰਕਾਰ ਦੀ ਪ੍ਰਵਾਨਗੀ ਮਿਲਣ ਉਪਰੰਤ ਪਾਠਕ੍ਰਮ ਸਬੰਧੀ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਕਿਸੇ ਵੀ ਜਮਾਤ ਦਾ ਸਿਲੇਬਸ ਘੱਟ ਨਹੀਂ ਕੀਤਾ ਗਿਆ।
Total Responses : 188