← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 14 ਜੁਲਾਈ ; ਕੋਵਿਡ-19 ਦਾ ਪ੍ਰਕੋਪ ਜਿਲ੍ਹਾ ਫਾਜ਼ਿਲਕਾ ਅੰਦਰ ਅਪਨੇ ਪੈਰ ਪਸਾਰ ਰਿਹਾ ਹੈ । ਜ਼ਿਲ੍ਹੇ ਨਾਲ ਸਬੰਧਤ ਇੱਕ ਕਰੋਨਾ ਪਾਜ਼ੀਟਿਵ ਵਿਅਕਤੀ ਦੀ ਪਹਿਲੀ ਮੌਤ ਹੋ ਹੋਈ ਹੈ ਜਦਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਸਮੇਤ ਦੋ ਜਣਿਆਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ । ਵਿਧਾਨ ਸਭਾ ਜਲਾਲਾਬਾਦ ਦੇ ਪਿੰਡ ਰੱਤਾ ਥੇੜ ਨਾਲ ਸਬੰਧਤ ਇੱਕ 50 ਸਾਲਾ ਵਿਅਕਤੀ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ । ਇਸ ਹਸਪਤਾਲ ਵਿੱਚ ਇਸ ਵਿਅਕਤੀ ਨੂੰ ਕਥਿਤ ਤੌਰ ਤੇ ਹਾਈ ਬਲੱਡ ਪ੍ਰੈਸ਼ਰ , ਬ੍ਰੇਨ ਟਿਊਮਰ ਦੀ ਤਕਲੀਫ਼ ਕਾਰਨ ਦਾਖ਼ਲ ਕਰਵਾਇਆ ਤਾਂ ਇਸ ਹਸਪਤਾਲ ਨੇ ਇਸ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਇਲਾਜ ਲਈ ਰੈਫਰ ਕੀਤਾ । ਇੱਥੇ ਇਸ ਮਰੀਜ਼ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਸੀ ਕਿ ਕੱਲ੍ਹ ਇਸ ਵਿਅਕਤੀ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ । ਹਸਪਤਾਲ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇਹ ਵਾਰਸਾਂ ਨੂੰ ਨਹੀਂ ਸੌਂਪੀ ਗਈ ਸੀ ਕਿ ਅੱਜ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਆ ਗਈ । ਸਿਵਲ ਸਰਜ਼ਨ ਫਾਜ਼ਿਲਕਾ ਡਾ ਚੰਦਰ ਮੋਹਨ ਕਟਾਰੀਆ ਅਨੁਸਾਰ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਮ੍ਰਿਤਕ ਦੇਹ ਨੂੰ ਆਪਣੀ ਦੇਖ ਰੇਖ ਹੇਠ ਮ੍ਰਿਤਕ ਦੇ ਪਿੰਡ ਲੈ ਕੇ ਆਵੇਗੀ , ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ । ਇਸ ਦੌਰਾਨ ਫ਼ਾਜ਼ਿਲਕਾ ਅੰਦਰ ਦੋ ਹੋਰ ਵਿਅਕਤੀਆਂ ਦੇ ਮੈਡੀਕਲ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ । ਇਨ੍ਹਾਂ ਵਿੱਚ ਇੱਕ ਵਿਅਕਤੀ 56 ਸਾਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜਦਕਿ ਦੂਸਰਾ 26 ਸਾਲ ਉਮਰ ਦਾ ਨੌਜਵਾਨ ਨਵੀਂ ਅਬਾਦੀ ਫਾਜ਼ਿਲਕਾ ਦਾ ਰਹਿਣ ਵਾਲਾ ਹੈ । ਇਹ ਵਿਅਕਤੀ ਚੰਡੀਗੜ੍ਹ ਤੋਂ ਪਰਤਿਆ ਹੈ ।
Total Responses : 189