ਸ੍ਰੀ ਮੁਕਤਸਰ ਸਾਹਿਬ 'ਚ ਦੋ ਹੋਰ ਔਰਤਾਂ ਨਿਕਲੀਆਂ ਕੋਰੋਨਾ ਪਾਜ਼ੇਟਿਵ
153 ਤੱਕ ਪੁੱਜਿਆ ਜ਼ਿਲ੍ਹੇ ਦਾ ਕੋਰੋਨਾ ਅੰਕੜਾ-ਸਿਵਲ ਸਰਜਨ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਜੁਲਾਈ, 2020 : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਆਏ ਦਿਨ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਲਿੰਗ ਤਹਿਤ ਅੱਜ ਜ਼ਿਲ੍ਹੇ ਅੰਦਰ ਦੋ ਔਰਤਾਂ ਅੰਦਰ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਪਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਸੈਂਪਲਿੰਗ ਦੇ ਨਤੀਜਿਆਂ 'ਚ ਅੱਜ ਜ਼ਿਲ੍ਹੇ ਅੰਦਰ ਦੋ ਔਰਤਾਂ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਪੀੜਤਾ ਗਿੱਦੜਬਾਹਾ ਨਾਲ ਸਬੰਧਿਤ ਹੈ, ਜਿਸਦੀ ਉਮਰ ਕਰੀਬ 70 ਸਾਲ ਹੈ ਤੇ ਫਰੀਦਕੋਟ ਵਿਖੇ ਇਸਦਾ ਇਲਾਜ ਚੱਲ ਰਿਹਾ ਸੀ, ਜਿੱਥੇ ਕੋਰੋਨਾ ਸੈਂਪਲਿੰਗ ਤੋਂ ਬਾਅਦ ਇਹ ਔਰਤ ਕੋਰੋਨਾ ਪੀੜਤ ਪਾਈ ਗਈ ਹੈ, ਜਦੋਂਕਿ ਦੂਜੀ ਪੀੜਤਾ ਜ਼ਿਲ੍ਹੇ ਦੇ ਪਿੰਡ ਮਹਾਂਬੱਧਰ ਨਾਲ ਸਬੰਧਿਤ ਹੈ, ਜਿਸਦੀ ਉਮਰ ਕਰੀਬ 45 ਸਾਲ ਹੈ, ਜੋ ਇਲਾਜ ਲਈ ਫਰੀਦਕੋਟ ਈਐਨਟੀ ਵਿਖੇ ਗਈ ਸੀ, ਜਿੱਥੇ ਇਲਾਜ ਦੌਰਾਨ ਕੀਤੀ ਗਈ ਕੋਰੋਨਾ ਸੈਂਪਲਿੰਗ ਤੋਂ ਬਾਅਦ ਉਕਤ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਔਰਤਾਂ 'ਚ ਕੋਰੋਨਾ ਦੀ ਪੁਸ਼ਟੀ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇੰਨ੍ਹਾਂ ਨੂੰ ਕੋਵਿਡ-19 ਹਸਪਤਾਲ ਵਿਖੇ ਆਈਸੂਲੇਟ ਕਰ ਦਿੱਤਾ ਗਿਆ ਹੈ, ਜਿੱਥੇ ਸਰਕਾਰ ਦੀਆਂ ਗਾਈਡਲਾਈਨ ਤਹਿਤ ਇੰਨ੍ਹਾਂ ਦਾ ਇਲਾਜ ਚੱਲੇਗਾ।
ਬਾਕਸ
ਜ਼ਿਲ੍ਹੇ 'ਚ 153 ਹੋਏ ਕੋਰੋਨਾ ਦੇ ਕੇਸ-ਸਿਵਲ ਸਰਜਨ
ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਦੋ ਮਾਮਲਿਆਂ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 153 ਹੋ ਗਿਆ ਹੈ, ਜਦੋਂਕਿ 13 ਕੇਸ ਇਸ ਸਮੇਂ ਐਕਟਿਵ ਚੱਲ ਰਹੇ ਹਨ। ਉਥੇ ਹੀ ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ 477 ਸੈਂਪਲ ਜਾਂਚ ਅਧੀਨ ਬਾਕੀ ਹਨ। ਅੱਜ ਜ਼ਿਲ੍ਹੇ ਭਰ ਅੰਦਰ 224 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ, ਜਿੰਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਪੁਸ਼ਟੀ ਕੀਤੀ ਜਾਵੇਗੀ।