ਹਰਿੰਦਰ ਨਿੱਕਾ
- ਜਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲ ਵਿਦਿਆਰਥੀਆਂ ਨੇ ਦਿੱਤਾ ਵੱਡਾ ਹੁੰਗਾਰਾ
ਸੰਗਰੂਰ, 14 ਜੁਲਾਈ 2020 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਨੂੰ ਜਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਇੰਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਹੋਈ ਹੈ।ਜਿਸ ਵਿੱਚ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ 'ਚ ਹਿੱਸਾ ਲਿਆ।
ਜਿਲ੍ਹਾ ਸਿੱਖਿਆ ਅਫਸਰ (ਸੈ.) ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜਿਲ੍ਹੇ ਦੇ ਵਿਦਿਆਰਥੀਆਂ ਨੇ 437 ਸੈਕੰਡਰੀ ਵਰਗ ਤੇ 489 ਵਿਦਿਆਰਥੀਆਂ ਨੇ ਮਿਡਲ ਵਰਗ 'ਚੋਂ ਸ਼ਬਦ ਗਾਇਨ 'ਚ ਹਿੱਸਾ ਲਿਆ। ਜਿਲ੍ਹਾ ਸਿੱਖਿਆ ਅਫਸਰ (ਐਲੀ.) ਡਾ. ਪ੍ਰਭਸਿਮਰਨ ਕੌਰ ਨੇ ਦੱਸਿਆ ਕਿ ਪ੍ਰਾਇਮਰੀ ਵਿੰਗ 'ਚੋਂ 556 ਵਿਦਿਆਰਥੀਆਂ ਨੇ ਸ਼ਬਦ ਗਾਇਨ ਪ੍ਰਤੀਯੋਗਤਾ 'ਚ ਹਿੱਸਾ ਲਿਆ। ਜਿਸ ਤੋਂ ਪਤਾ ਚਲਦਾ ਹੈ ਕਿ ਬੱਚਿਆਂ 'ਚ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਹੈ।
ਇਸ ਮੌਕੇ 'ਤੇ ਜਿਲ੍ਹਾ ਨੋਡਲ ਅਫਸਰ (ਸੈ.) ਸੁਖਵਿੰਦਰ ਕੌਰ ਸਿੱਧੂ ਅਤੇ ਅਭਿਨਵ ਜੈਦਕਾ ਨੋਡਲ ਅਫ਼ਸਰ (ਐਲੀ.) ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ, ਅਤੇ ਅਗਲੇ ਮੁਕਾਬਲਿਆਂ ਲਈ ਤਿਆਰ ਰਹਿਣ ਦਾ ਸੁਨੇਹਾ ਦਿੱਤਾ ।