ਪਰਵਿੰਦਰ ਸਿੰਘ ਕੰਧਾਰੀ
- ਨਗਰ ਕੌਸਲ ਫਰੀਦਕੋਟ ਵਿੱਚ ਸੀਵਰੇਜ, ਸੜਕਾਂ, ਪੀਣ ਵਾਲੇ ਪਾਣੀ ਆਦਿ ਤੇ ਖਰਚੇ ਜਾ ਰਹੇ ਹਨ 125 ਕਰੋੜ ਰੁਪਏ
- ਅਕਾਲੀ ਦਲ ਸਮੇਤ ਹੋਰ ਵਿਰੋਧੀਆਂ ਨੂੰ ਵਿਕਾਸ ਕਾਰਜਾਂ ਤੇ ਸਿਆਸਤ ਨਾ ਕਰਨ ਦੀ ਅਪੀਲ
- ਫਰੀਦਕੋਟ ਨਗਰ ਕੌਸਲ ਵਿੱਚ ਕੰਮ ਕਰਨ ਵਾਲੀ ਕੰਪਨੀ ਨੂੰ ਸਮੇਂ ਸਿਰ ਕੰਮ ਨਾ ਕਰਨ ਤੇ 10 ਕਰੋੜ ਰੁਪਏ ਜੁਰਮਾਨਾ ਕੀਤਾ
- ਇੰਟਰਲਾਕਿੰਗ ਦਾ ਕੰਮ ਨਵੀਂ ਕੰਪਨੀ ਨੂੰ ਸੌਂਪਿਆ
ਫਰੀਦਕੋਟ, 14 ਜੁਲਾਈ 2020 - ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋ. ਨੇ ਕਿਹਾ ਕਿ ਉਨਾਂ ਦਾ ਇਕੋ ਇਕ ਮਨੋਰਥ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਲਕੇ ਦਾ ਸਰਬ ਪੱਖੀ ਵਿਕਾਸ ਕਰਨਾ ਹੈ ਤਾਂ ਜੋ ਫਰੀਦਕੋਟ ਨੂੰ ਪੰਜਾਬ ਵਿੱਚ ਵਿਕਾਸ ਵਜੋਂ ਮੋਹਰੀ ਹਲਕਾ ਬਣਾਇਆ ਜਾ ਸਕੇ।ਇਸ ਕੰਮ ਲਈ ਹਲਕੇ ਵਿੱਚ 250 ਕਰੋੜ ਰੁਪਏ ਤੋਂ ਵੱਧ ਰਾਸੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਕੁਸ਼ਲਦੀਪ ਸਿੰਘ ਢਿੱਲੋ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਵੱਲੋਂ 2016 ਵਿੱਚ ਫਰੀਦਕੋਟ ਵਿਖੇ ਸੀਵਰੇਜ਼ ਪਾਉਣ ਦੇ ਕੰਮ ਲਈ ਤਿੰਨ ਵਾਰ ਨੀਂਹ ਪੱਥਰ ਰੱਖੇ ਗਏ,ਪਰ ਇਸ ਲਈ ਕੋਈ ਵੀ ਰਾਸ਼ੀ ਜਾਰੀ ਨਹੀਂ ਕੀਤੀ ਗਈ ਜਦੋਂ ਕਿ 2017 ਵਿੱਚ ਸਾਡੀ ਸਰਕਾਰ ਨੇ ਲੰਮੀ ਜੱਦੋਂ ਜਹਿਦ ਪਿੱਛੋ ਹੁੱਡਕੋ ਤੋਂ ਵਿਕਾਸ ਕਾਰਜਾਂ ਲਈ 125 ਕਰੋੜ ਰੁਪਏ ਮਨਜ਼ੂਰ ਕਰਵਾਏ ਗਏ ਅਤੇ ਹੁਣ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਕੰਮਾਂ ਵਿੱਚ ਜਾਣ ਬੁੱਝ ਕੇ ਦੇਰੀ ਕੀਤੀ ਗਈ ਅਤੇ 2018 ਤੱਕ ਮੁਕੰਮਲ ਹੋਣ ਵਾਲੇ ਵਿਕਾਸ ਕਾਰਜ ਅਜੇ ਤੱਕ ਪੂਰੇ ਨਹੀਂ ਹੋਏ। ਜਿਸ ਕਾਰਨ ਜਿੱਥੇ ਕੰਪਨੀ ਨੂੰ 250 ਤੋਂ ਵੱਧ ਨੋਟਿਸ ਭੇਜੇ ਗਏ ਉੱਥੇ ਹੀ ਇਸ ਕੰਪਨੀ ਨੂੰ ਅਣਗਹਿਲੀ ਵਰਤਣ ਬਦਲੇ 10 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ।ਇਸ ਤੋਂ ਇਲਾਵਾ ਕੰਪਨੀ ਤੋਂ ਇੰਟਰਲਾਕਿੰਗ ਅਤੇ ਸੀਵਰੇਜ ਕੁਨੈਕਸ਼ਨ ਜੋੜਨ ਦਾ ਕੰਮ ਵਾਪਸ ਲੈ ਕੇ ਨਵੀਂ ਕੰਪਨੀ ਨੂੰ ਟੈਂਡਰ ਰਾਹੀਂ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਕੰਮ ਵਿੱਚ ਹੋਰ ਤੇਜੀ ਲਿਆਂਦੀ ਜਾ ਸਕੇ। ਉਨਾਂ ਕਿਹਾ ਕਿ ਕਰੋਨਾ ਕਾਰਨ ਵਿਕਾਸ ਕਾਰਜਾਂ ਵਿੱਚ ਕੁਝ ਖੜੋਤ ਆਈ ਸੀ ਪਰ ਹੁਣ ਕੰਮ ਦੁਬਾਰਾ ਸ਼ੁਰੂ ਹੋ ਗਿਆ ਹੈ।
ਢਿੱਲੋਂ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਅਤੇ ਕੁਝ ਹੋਰ ਲੋਕ ਇਨਾਂ ਕੰਮਾਂ ਵਿੱਚ ਹੋਈ ਦੇਰੀ ਤੇ ਸਿਆਸਤ ਕਰ ਰਹੇ ਹਨ ਅਤੇ ਉਹ ਫਰੀਦਕੋਟ ਦਾ ਹੋ ਰਿਹਾ ਵਿਕਾਸ ਵੇਖ ਨਹੀਂ ਸਕਦੇ। ਉਨ੍ਹਾਂ ਸਮੂਹ ਵਿਰੋਧੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਪ੍ਰੋਜੈਕਟਾਂ ਤੇ ਸਿਆਸਤ ਨਾ ਕਰਨ ਬਲਕਿ ਇਸ ਕੰਮ ਵਿੱਚ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਸਾਰੇ ਹਲਕੇ ਦੀ ਨੁਹਾਰ ਬਦਲ ਜਾਵੇਗੀ ਅਤੇ ਇੱਥੇ ਓਪਨ ਜਿੰਮ ਅਤੇ ਬੱਚਿਆਂ ਲਈ ਝੂਲੇ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋਵੇਗਾ। ਉਨ੍ਹਾਂ ਫਿਰ ਦੁਹਰਾਇਆ ਕਿ ਉਨਾਂ ਦਾ ਇਕੋ ਇਕ ਮਕਸਦ ਹਲਕੇ ਦਾ ਸਰਬ ਪੱਖੀ ਵਿਕਾਸ ਕਰਨਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਕੰਮ ਦੇ ਆਧਾਰ ਤੇ ਜਿੱਤਣਗੇ।
ਇਸ ਮੌਕੇ ਗੁਰਤੇਜ ਸਿੰਘ ਤੇਜਾ, ਜਤਿੰਦਰ , ਸੁਖਮੰਦਰ ਸਿੰਘ ਪੱਪੂ ਸਾਰੇ ਮਿਊਂਸੀਪਲ ਕੌਂਸਲਰ, ਬਲਕਰਨ ਸਿੰਘ ਨੰਗਲ, ਕਰਮਜੀਤ ਟਹਿਣਾ ਹਾਜ਼ਰ ਸਨ।