ਅਸ਼ੋਕ ਵਰਮਾ
ਬਠਿੰਡਾ, 14 ਜੁਲਾਈ 2020 - ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਨੌਜਵਾਨ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਬਹੁ-ਤਕਨੀਕੀ ਕਾਲਜ, ਬਠਿੰਡਾ ਦੇ ਵਿਦਿਆਰਥੀਆਂ ਦਾ ਆਨਲਾਈਨ ਪਲੇਟਫਾਰਮ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਦੌਰਾਨ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਏ ਜਾ ਰਹੇ ਚੋਣ ਸਾਖਰਤਾ ਅਭਿਆਨ ਅਧੀਨ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਹ ਯੋਗਤਾ ਮਿਤੀ 01 ਜਨਵਰੀ 2020 ਅਨੁਸਾਰ ਜਿਸ ਵਿਦਿਆਰਥੀ ਨੇ ਆਪਣੀ ਉਮਰ 18 ਸਾਲ ਦੀ ਪੂਰੀ ਕਰ ਲਈ ਹੈ ਉਹ ਭਾਰਤ ਚੋਣ ਕਮਿਸ਼ਨ ਦੀ ਵੈਬਸਾਇਟ .. ਰਾਹੀਂ ਆਨਲਾਈਨ ਫਾਰਮ ਭਰਕੇ ਆਪਣੀ ਵੋਟ ਬਣਾ ਸਕਦੇ ਹਨ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਕੋਵਿਡ-19 ਮਹਾਂਮਾਰੀ ਕਾਰਨ ਘਰ ਬੈਠਕੇ ਹੀ ਆਪਣੀ ਵੋਟ ਦਰਜ ਕਰਵਾ ਸਕਦੇ ਹਨ। ਵੋਟ ਬਣਾਉਣ ਲਈ ਉਨਾਂ ਨੂੰ ਕਿਸੇ ਵੀ ਦਫ਼ਤਰ ਵਿਖੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਇਸ ਮੌਕੇ ਮਾਹਿਰਾਂ ਵਲੋਂ ਵੋਟਾਂ ਬਣਾਉਣ ਸਬੰਧੀ ਵਿਦਿਆਰਥੀਆਂ ਤੋਂ ਸਵਾਲ ਪੁੱਛੇ ਗਏ ਜਿਨਾਂ ਦੇ ਉਨਾਂ ਵਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ।
ਸੈਮੀਨਾਰ ਦੌਰਾਨ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਪ੍ਰਿੰਸੀਪਾਲ ਯਾਦਵਿੰਦਰ ਸਿੰਘ, ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਐਚ.ਓ.ਡੀ ਰਾਜ ਕੁਮਾਰ ਚੋਪੜਾ, ਤਹਿਸੀਲਦਾਰ ਚੋਣਾਂ ਭਾਰਤ ਭੂਸ਼ਣ, ਸਹਾਇਕ ਨੋਡਲ ਅਫ਼ਸਰ (ਸਵੀਪ ਕੌਰ ਕਮੇਟੀ) ਸੁਰੇਸ਼ ਗੋੜ, ਵੋਕੇਸ਼ਨਲ ਲੈਕਚਰਾਰ ਗੁਰਦੀਪ ਸਿੰਘ ਮਾਨ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ।