ਫਿਰੋਜ਼ਪੁਰ 14 ਜੁਲਾਈ 2020 : ਥਾਣਾ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਮੱਲੇਸ਼ਾਹ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਜ਼ੀਰਾ ਦੀ ਪੁਲਿਸ ਨੇ ਤਿੰਨ ਲੋਕਾਂ ਖਿਲਾਫ 325, 341, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਮੱਲੇਸ਼ਾਹ ਨੇ ਦੋਸ਼ ਲਗਾਇਆ ਹੈ ਕਿ ਕੁਝ ਚਿਰ ਪਹਿਲਾ ਉਸ ਦੇ ਲੜਕੇ ਸਤਨਾਤ ਸਿੰਘ ਦੇ ਘਰ ਚੋਰੀ ਹੋਈ ਸੀ ਤਾਂ ਉਸ ਨੂੰ ਦੋਸ਼ੀ ਸਰਵਾਜ ਸਿੰਘ ਪੁੱਤਰ ਸਵਿੰਦਰ ਸਿੰਘ 'ਤੇ ਸ਼ੱਕ ਸੀ।
ਅਜੀਤ ਸਿੰਘ ਨੇ ਦੱਸਿਆ ਕਿ ਇਸੇ ਰੰਜ਼ਿਸ਼ ਨੂੰ ਲੈ ਕੇ ਬੀਤੀ 11 ਜੁਲਾਈ 2020 ਦੀ ਸ਼ਾਮ ਨੂੰ ਜਦ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਸੀ, ਜਦ ਉਹ ਦੋਸ਼ੀਅਨ ਦੇ ਘਰ ਦੇ ਸਾਹਮਣੇ ਆਇਆ ਤਾਂ ਦੋਸ਼ੀਅਨ ਸਵਰਾਜ ਸਿੰਘ, ਐੱਸਪੀ ਸਿੰਘ ਪੁੱਤਰ ਸ਼ਵਿੰਦਰ ਸਿੰਘ ਅਤੇ ਸੁਖਪ੍ਰੀਤ ਕੌਰ ਪਤਨੀ ਸ਼ਵਿੰਦਰ ਸਿੰਘ ਵਾਸੀ ਮੱਲੇਸ਼ਾਹ ਨੇ ਉਸ 'ਤੇ ਡਾਂਗਾ ਸੋਟਿਆ ਨਾਲ ਹਮਲਾ ਕਰਕੇ ਜ਼ਖਮੀਂ ਕਰ ਦਿੱਤਾ। ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਪ੍ਰੇਮ ਹਸਪਤਾਲ ਮੋਗਾ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਵਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।