ਹਰੀਸ਼ ਕਾਲੜਾ
- ਬਿਨਾਂ ਮਾਸਕ ਘਰੋਂ ਨਿਕਲਣ ਤੇ ਹੋਵੇਗੀ ਕਾਨੂੰਨੀ ਕਾਰਵਾਈ
ਰੂਪਨਗਰ, 14 ਜੁਲਾਈ 2020 - ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਹਰ ਇੱਕ ਨਾਗਰਿਕ ਲਈ ਮਾਸਕ ਪਹਿਨਣ ਜਰੂਰੀ ਹੈ।ਇਹ ਜਾਣਕਾਰੀ ਦਿੰਦਿਆਂ ਡਾ. ਐਚ.ਐਨ. ਸ਼ਰਮਾ ਸਿਵਲ ਸਰਜਨ ਨੇ ਦੱਸਿਆ ਕਿ ਲਾਕਡਾਊਨ ਵਿੱਚ ਢਿੱਲ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕੋਰੋਨਾ ਦਾ ਖਤਰਾ ਟਲ ਗਿਆ ਹੈ। ਕਈ ਰਾਜਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ, ਪੰਜਾਬ ਵਿੱਚ ਵੀ ਦਿਨ ਪ੍ਰਤੀ ਦਿਨ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ ਕੋਰੋਨਾ ਤੋਂ ਬਚੇ ਰਹੀਏ, ਤਾਂ ਸਾਵਧਾਨੀਆਂ ਵਰਤਨੀਆਂ ਬਹੁਤ ਜਰੂਰੀ ਹਨ।
ਡਾ ਐਚ.ਐਨ ਸ਼ਰਮਾ ਨੇ ਕਿਹਾ ਕਿ ਮਾਸਕ ਲਗਾਉਣਾ ਸਾਰਿਆਂ ਲਈ ਲਾਜ਼ਮੀ ਹੈ। ਉਹਨਾ ਕਿਹਾ ਕਿ ਪਬਲਿਕ ਥਾਵਾਂ, ਗਲੀਆਂ, ਹਸਪਤਾਲਾਂ, ਦਫਤਰਾਂ ਅਤੇ ਬਜ਼ਾਰਾਂ ਵਿੱਚ ਮਾਸਕ ਪਹਿਨਣਾ ਬਹੁਤ ਜਰੂਰੀ ਹੈ। ਆਪਣੇ ਵਹੀਕਲ ਤੇ ਜਾਂ ਪਬਲਿਕ ਵਹੀਕਲ ਤੇ ਸਫ਼ਰ ਕਰਦੇ ਸਮੇਂ ਵੀ ਮਾਸਕ ਪਹਿਨਣਾ ਜਰੂਰੀ ਹੈ। ਲੋਕ ਆਮ ਕੱਪੜੇ ਦਾ ਬਣਿਆ ਤਿੰਨ ਪਰਤਾਂ ਦਾ ਮਾਸਕ ਵੀ ਪਹਿਣ ਸਕਦੇ ਹਨ, ਜੋ ਪੂਰੇ ਮੂੰਹ ਅਤੇ ਨੱਕ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖ ਸਕੇ।
ਉਹਨਾਂ ਅੱਗੇ ਕਿਹਾ ਕਿ ਬਹੁਤੇ ਲੋਕਾਂ ਦਾ ਮੂੰਹ ਢਕਿਆ ਹੁੰਦਾ ਹੈ, ਪਰ ਨੱਕ ਨਹੀਂ। ਇਸ ਤਰ੍ਹਾ ਮਾਸਕ ਲਗਾਉਣਾ ਨਾ ਦੇ ਬਰਾਬਰ ਹੈ। ਪੂਰਾ ਦਿਨ ਮਾਸਕ ਲਗਾਉਣ ਤੋਂ ਬਾਅਦ ਉਸਨੂੰ ਧੋ ਕੇ ਅਗਲੇ ਦਿਨ ਫਿਰ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮਾਸਕ ਨੂੰ ਵਾਰ ਵਾਰ ਹੱਥ ਲਗਾਉਣਾ ਵੀ ਖਤਰਨਾਕ ਹੈ। ਇਹ ਵੀ ਵਾਇਰਸ ਨੂੰ ਰੋਕਦਾ ਨਹੀਂ, ਸਗੋਂ ਖਤਰਾ ਹੋਰ ਵੱਧ ਜਾਂਦਾ ਹੈ। ਜੇਕਰ ਕਿਸੇ ਸਮੇਂ ਕਿਸੇ ਕੋਲ ਮਾਸਕ ਉਪਲਬਧ ਨਹੀਂ ਹੈ, ਤਾਂ ਰੁਮਾਲ, ਦੁਪੱਟਾ ਜਾਂ ਸਟੌਲ ਵਗੈਰਾ ਵੀ ਮੂੰਹ ਅਤੇ ਨੱਕ ਨੂੰ ਢੱਕਣ ਲਈ ਵਰਤ ਸਕਦੇ ਹਾਂ, ਪਰ ਮਾਸਕ ਪਹਿਨਣਾ ਜਿਆਦਾ ਸੁਰੱਖਿਅਤ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਦੇ ਮਾਸਕ ਨਹੀਂ ਪਾਇਆ ਤਾਂ ਪ੍ਰਸ਼ਾਸਨ ਉਹਨਾਂ ਨੂੰ 500 ਰੁਪਏ, ਘਰ ਵਿੱਚ ਇਕਾਂਤਵਾਸ ਸਮੇਂ ਜੇਕਰ ਕੋਈ ਉਲੰਘਨਾ ਕਰਦਾ ਹੈ ਤਾਂ ਉਸ ਨੂੰ 2000 ਰੁਪਏ ਅਤੇ ਜੇਕਰ ਕੋਈ ਪਬਲਿਕ ਥਾਵਾਂ ਤੇ ਥੁੱਕਦਾ ਹੈ ਤਾਂ ਉਸ ਨੂੰ 500 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਉਹਨਾ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਵਿੱਚ ਭੀੜ ਨਾ ਲਗਾਉਣ ਅਤੇ ਨਾ ਹੀ ਲੱਗਣ ਦੇਣ। ਇੱਕ ਵਾਰ ਵਿੱਚ ਸਿਰਫ਼ ਇੱਕ ਹੀ ਗ੍ਰਾਹਕ ਦੁਕਾਨ ਦੇ ਅੰਦਰ ਹੋਵੇ। ਜੇਕਰ ਦੁਕਾਨ ਦੇ ਅੰਦਰ ਦੂਰੀ ਦਾ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਭੀੜ ਬਣੀ ਰਹਿੰਦੀ ਹੈ, ਤਾਂ ਇਸ ਨਾਲ ਕੋਰੋਨਾ ਦਾ ਖਤਰਾ ਵੱਧ ਜਾਂਦਾ ਹੈ। ਉਹਨਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਦੁਕਾਨ ਅੰਦਰ ਆਉਣ ਵਾਲੇ ਗ੍ਰਾਹਕਾਂ ਦੇ ਲਈ ਸੈਨੇਟਾਈਜ਼ਰ ਦਾ ਵੀ ਇੰਤਜਾਂਮ ਕੀਤਾ ਜਾਵੇ ਅਤੇ ਗ੍ਰਾਹਕਾਂ ਨੂੰ ਮੂੰਹ ਢੱਕ ਕੇ ਹੀ ਦੁਕਾਨ ਦੇ ਅੰਦਰ ਆਉਣ ਨੂੰ ਕਿਹਾ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਹੈ ਕਿ ਉਹ ਕੋਰੋਨਾ ਖਿਲਾਫ਼ ਇਸ ਜੰਗ ਨੂੰ ਫਤਿਹ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਾਥ ਦੇਣ ਤਾਂ ਜੋ ਇਸ ਵਾਇਰਸ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।