- ਸਹਾਇਕ ਆਬਕਾਰੀ ਕਮਿਸ਼ਨਰ ਨੇ ਖੁਦ ਕੀਤੀ ਆਬਕਾਰੀ ਟੀਮ ਦੀ ਅਗਵਾਈ
ਕਪੂਰਥਲਾ, 14 ਜੁਲਾਈ 2020 - ਆਬਕਾਰੀ ਵਿਭਾਗ ਦੀ ਕਪੂਰਥਲਾ ਰੇਂਜ ਵਲੋਂ ਸਹਾਇਕ ਆਬਕਾਰੀ ਕਮਿਸ਼ਨਰ ਹਰਦੀਪ ਭੰਵਰਾ ਦੀ ਅਗਵਾਈ ਵਿੱਚ ਵੱਡੀ ਕਾਰਵਾਈ ਕਰਦਿਆਂ ਪਿੰਡ ਬੂਟਾਂ ਨੇੜਿਓ 5.20 ਲੱਖ ਮਿਲੀ ਲੀਟਰ ਲਾਹਨ 35000 ਮਿਲੀਲੀਟਰ ਨਜ਼ਾਇਜ ਸ਼ਰਾਬ ਬਰਾਮਦ ਕੀਤੀ ਗਈ। ਜ਼ਿਕਰਯੋਗ ਹੈ ਕਿ ਸਹਾਇਕ ਆਬਕਾਰੀ ਕਮਿਸ਼ਨਰ ਕਪੂਰਥਲਾ ਰੇਂਜ ਵਜੋਂ ਹਰਦੀਪ ਭੰਵਰਾ ਨੇ ਦੋ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਸੀ।
ਅੱਜ ਐਕਸਾਈਜ਼ ਵਿਭਾਗ ਵਲੋਂ ਪੁਲਿਸ ਟੀਮਾਂ ਦੀ ਸਹਾਇਤਾਂ ਨਾਲ ਮੰਡ ਖੇਤਰ ਦੇ ਬੂਟਾਂ ਪਿੰਡਾਂ ਵਿਖੇ ਨਜ਼ਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਵੱਡਾ ਕਾਰ ̄ਬਾਰ ਚਲਾਇਆ ਜਾ ਰਿਹਾ ਜਿਸ ਵਿਰੱਧ ਅੱਜ ਆਬਕਾਰੀ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ।
ਸਹਾਇਕ ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਆਬਕਾਰੀ ਵਿਭਾਗ ਵਲੋਂ ਈ.ਟੀ.ਓ.ਹਰਪ੍ਰੀਤ ਸਿੰਘ , ਆਬਕਾਰੀ ਦਰੋਗਾ (ਕਪੂਰਥਲਾ) ਅਤੇ ਨਡਾਲਾ ਸਰਕਲ ਦੇ ਅਧਿਕਾਰੀ ਭੁਪਿੰਦਰ ਸਿੰਘ ਦੀਆਂ ਟੀਮਾਂ ਵਲੋਂ ਸਾਂਝੇ ਤੌਰ 'ਤੇ ਇਹ ਅਪਰੇਸ਼ਨ ਕੀਤਾ ਗਿਆ ਜਿਸ ਵਿੱਚ 19 ਡਰੱਮ ,ਟਿਊਬਾਂ, ਕੈਨੀਆਂ ਅਤੇ ਨਜ਼ਾਇਜ਼ ਸ਼ਰਾਬ ਤਿਆਰ ਕਰਨ ਲਈ ਵਰਤੇ ਜਾਂਦੇ ਬਰਤਨ ਵੱਡੀ ਮਾਤਰਾ ਵਿੱਚ ਬਰਾਮਦ ਕੀਤੇ ਗਏ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਜਾਇਜ਼ ਸ਼ਰਾਬ ਤਿਆਰ ਕਰਨ ਅਤੇ ਉਸ ਨੂੰ ਵੇਚਣ ਤੋਂ ਰੋਕਣ ਲਈ ਆਬਕਾਰੀ ਵਿਭਾਗ ਦਾ ਵੱਖਰਾ ਕਾਡਰ ਬਣਾਇਆ ਗਿਆ ਹੈ ਜਿਸ ਦਾ ਮੁੱਖ ਮੰਤਵ ਹੀ ਨਜ਼ਾਇਜ਼ ਸ਼ਰਾਬ ਨੂੰ ਰੋਕਣਾ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਨਜ਼ਾਇਜ ਸ਼ਰਾਬ ਤਸਕਰਾਂ ਵਿਰੱਧ ਸਖ਼ਤ ਕਾਰਵਾਈ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਕਪੂਰਥਲਾ ਰੇਂਜ ਵਿੱਚ ਪੈਂਦੇ ਖੇਤਰਾਂ ਜਿਸ ਵਿੱਚ ਕਾਫ਼ੀ ਵੱਡਾ ਖੇਤਰ ਦਰਿਆ ਬਿਆਸ ਦਾ ਪੈਂਦਾ ਹੈ ਜਿਸ ਦੇ ਕੰਢਿਆਂ 'ਤੇ ਨਜ਼ਾਇਜ ਸ਼ਰਾਬ ਤਿਆਰ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਸ਼ਰਾਬ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਗੈਰ ਕਾਨੂੰਨੀ ਗਤੀਵਿਧੀਆਂ ਤੁਰੰਤ ਬੰਦ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਰਾਬ ਤਸ਼ਕਰਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਤਾਂ ਜੋ ਸਰਕਾਰ ਦੇ ਮਾਲੀਏ ਨੂੰ ਕੋਈ ਨੁਕਸਾਨ ਨਾ ਪਹੁੰਚੇ।