ਹਰਿੰਦਰ ਨਿੱਕਾ
- ਮੈਰਿਜ ਪੈਲੇਸਾਂ/ਹੋਟਲਾਂ ਦੇ ਪ੍ਰਬੰਧਕ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਬਣਾਉਣਗੇ ਯਕੀਨੀ
ਬਰਨਾਲਾ, 14 ਜੁਲਾਈ 2020 - ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸੋਧੇ ਹੋਏ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਸਮਾਜਿਕ ਇਕੱਠਾਂ ਬਾਰੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ ਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ ਦੇ ਇਕੱਠ 30 ਵਿਅਕਤੀਆਂ ਤੱਕ ਅਤੇ ਅੰਤਿਮ ਰਸਮਾਂ ’ਤੇ 20 ਵਿਅਕਤੀਆਂ ਤੱਕ ਸੀਮਿਤ ਕੀਤਾ ਗਿਆ ਹੈ।
ਸਬੰਧਤ ਸਮਾਗਮਾਂ ’ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਾਉਣ ਲਈ ਮੈਰਿਜ ਪੈਲੇਸਾਂ/ਹੋਟਲਾਂ ਦੇ ਪ੍ਰਬੰਧਕ ਜ਼ਿੰਮੇਵਾਰ ਹੋਣਗੇ। ਅਜਿਹਾ ਨਾ ਕਰਨ ’ਤੇ ਹੋਟਲ/ਮੈਰਿਜ ਪੈਲੇਸਾਂ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਮੈਜਿਸ ਪੈਲੇਸ/ਹੋਟਲ ਮਾਲਕਾਂ ਵੱਲੋਂ ਯਕੀਨੀ ਬਣਾਇਆ ਜਾਵੇਗਾ ਕਿ ਇਮਾਰਤਾਂ ਅੰਦਰ ਤਾਜ਼ੀ ਹਵਾ ਆਉਣ ਦਾ ਪ੍ਰਬੰਧ ਹੋਵੇ। ਉਪਰੋਕਤ ਸਮਾਗਮਾਂ ਤੋਂ ਇਲਾਵਾ ਹੋਰ ਕੋਈ ਸਮਾਜਿਕ ਇਕੱਠ ਕਰਨ ’ਤੇ ਪਾਬੰਦੀ ਹੋਵੇਗੀ। ਉੁਲੰਘਣਾ ਕਰਨ ਦੀ ਸੂਰਤ ਵਿਚ ਐਫਆਈਆਰ ਦਰਜ ਕੀਤੀ ਜਾਵੇਗੀ।
ਸਮੂਹ ਦਫਤਰਾਂ ਅਤੇ ਦੁਕਾਨਾਂ ਵਿਚ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸਮੂਹ ਦਫਤਰਾਂ ਅਤੇ ਦੁਕਾਨਾਂ ਵਿਚ ਹਵਾ ਦੀ ਨਿਕਾਸੀ ਸਬੰਧੀ ਸਿਹਤ ਵਿਭਾਗ ਦੀ ਸਲਾਹਕਾਰੀ ਦੀ ਪਾਲਣਾ ਜ਼ਰੂਰੀ ਹੋਵੇਗੀ। ਸਮੂਹ ਦਫਤਰਾਂ ਵਿਚ ਪਬਲਿਕ ਡੀਲਿੰਗ ਸਿਰਫ ਜ਼ਰੂਰੀ ਕੰਮਾਂ ਲਈ ਹੀ ਕੀਤੀ ਜਾਵੇਗੀ। ਜੇਕਰ ਕਿਸੇ ਵਿਅਕਤੀ ਨੇ ਸਮੱਸਿਆ ਸਬੰਧੀ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਸਬੰਧੀ ਦਰਖਾਸਤ ਪੇਸ਼ ਕਰਨੀ ਹੋਵੇ, ਉਹ ਆਨਲਾਈਨ ਪਬਲਿਕ ਗਰੀਵੀਐਂਸ ਰੈਡਰੈਸਲ ਸਿਸਟਮ ਰਾਹੀਂ ਕਰ ਸਕਦਾ ਹੈ। ਵੱਖ ਵੱਖ ਜਥੇਬੰਦੀਆਂ ਦੇ ਮੰਗ ਪੱਤਰਾਂ ਦੀ ਵਿਵਹਾਰਕ ਪੇਸ਼ਕਾਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ। ਮੀਟਿੰਗਾਂ ਵਿਚ 5 ਤੋਂ ਵੱਧ ਵਿਅਕਤੀਆਂ ਦੇ ਇਕੱਠ ਤੋਂ ਪ੍ਰਹੇਜ਼ ਕੀਤਾ ਜਾਵੇ।
ਹੋਟਲ/ਰੈਸਟੋਰੈਂਟ/ਮੈਰਿਜ ਪੈਲੇਸ/ਬੈਂਕੁਇਟ ਹਾਲ ਦੀ ਮੈਨੇਜਮੈਂਟ ਅਤੇ ਆਮ ਪਬਲਿਕ ਵੱਲੋਂ ਗਾਈਡਲਾਈਨਜ਼ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਲੰਘਣਾ ਕਰਨ ਦੀ ਸੂਰਤ ਵਿਚ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51 ਤੋਂ 60 ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਦੀਆਂ ਸੀਮਾਵਾਂ ਅੰਦਰ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪੂਰਨ ਪਾਬੰਦੀ ਲਾਈ ਗਈ ਹੈ। ਇਹ ਹੁਕਮ 31 ਜੁਲਾਈ 2020 ਤੱਕ ਲਾਗੂ ਰਹਿਣਗੇ।