ਕਰੇਡ ਦੌਰਾਨ ਕਾਬੂ ਕੀਤੇ ਗਏ ਪਤੀ-ਪਤਨੀ ਤੇ ਉਨ੍ਹਾਂ ਦੇ ਸਾਥੀ, ਪੁਲਿਸ ਟੀਮ ਨਾਲ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ 2020-ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਸੈਕਸ ਰੈਕੇਟ ਵਿੱਚ ਸ਼ਾਮਲ ਪਤੀ-ਪਤਨੀ, ਦੋ ਔਰਤਾਂ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਘਰ ਅੰਦਰ ਹੀ ਜ਼ਿਸਮਫਰੋਸ਼ੀ ਦਾ ਧੰਦਾ ਚਲਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਥਾਂਦੇਵਾਲਾ ਰੋਡ 'ਤੇ ਇੱਕ ਪਤੀ-ਪਤਨੀ, ਜੋਕਿ ਘਰ ਅੰਦਰ ਜਿਸਮਫਰੋਸ਼ੀ ਦਾ ਧੰਦਾ ਚਲਾ ਰਹੇ ਸਨ, ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਜਦੋਂ ਇੰਨ੍ਹਾਂ ਦੇ ਟਿਕਾਣੇ 'ਤੇ ਰੇਡ ਕੀਤੀ ਤਾਂ ਉੱਥੇ ਉਕਤ ਪਤੀ-ਪਤਨੀ ਤੋਂ ਇਲਾਵਾ ਇਸ ਧੰਦੇ ਵਿੱਚ ਸ਼ਾਮਲ ਦੋ ਹੋਰ ਔਰਤਾਂ ਤੇ ਇੱਕ ਵਿਅਕਤੀ ਨੂੰ ਵੀ ਕਾਬੂ ਕਰ ਲਿਆ।
ਥਾਣਾ ਸਿਟੀ ਦੇ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਸਥਾਨਕ ਥਾਂਦੇਵਾਲਾ ਰੋਡ ਵਾਸੀ ਮਲਕੀਤ ਸਿੰਘ ਪੁੱਤਰ ਹਰਬੰਸ ਸਿੰਘ ਤੇ ਉਸਦੀ ਪਤਨੀ ਸਿਮਰਨ ਘਰ ਵਿੱਚ ਜਿਸਮਫਰੋਸ਼ੀ ਦਾ ਧੰਦਾ ਚਲਾ ਰਹੇ ਸਨ, ਘਰ ਵਿੱਚ ਗ੍ਰਾਹਕਾਂ ਨੂੰ ਕਮਰੇ ਵੀ ਮੁਹੱਈਆ ਕਰਾਉਂਦੇ ਸਨ, ਜਿਸਦੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਛਾਪੇਮਾਰੀ ਦੌਰਾਨ ਘਰ ਵਿੱਚੋਂ ਪਤੀ-ਪਤਨੀ ਤੋਂ ਇਲਾਵਾ ਦੋ ਔਰਤਾਂ ਬੇਬੀ , ਰਾਣੀ ਤੋਂ ਇਲਾਵਾ ਇੱਕ ਵਿਅਕਤੀ ਅਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚਿੱਬੜਾਂਵਾਲੀ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਸ ਸਬੰਧੀ ਉਕਤ ਸਾਰਿਆਂ 'ਤੇ ਇਮਮੋਰਲ ਟਰੈਫਿਕ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।