ਰਜਨੀਸ਼ ਸਰੀਨ
- ਪੰਜਾਬ ਦੇ ਰਾਜਪਾਲ ਤੋਂ ਕੀਤੀ ਮੁੱਖ ਮੰਤਰੀ ਨੂੰ ਬੈਸਟ ਫੇਸਬੁੱਕ ਕਮਾਂਡਰ ਐਵਾਰਡ ਦੇਣ ਦੀ ਮੰਗ
ਨਵਾਂ ਸ਼ਹਿਰ, 15 ਜੁਲਾਈ 2020 - ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ 'ਚ ਜ਼ਿਲ੍ਹਾ ਪੱਧਰਾਂ 'ਤੇ ਲਗਾਇਆ ਧਰਨਾ ਅੱਜ 27ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ। ਲਗਾਤਾਰ 27 ਦਿਨਾਂ ਤੋਂ ਕੋਈ ਸੁਣਵਾਈ ਨਾ ਹੋਣ ਕਰਕੇ ਅੱਜ ਜ਼ਿਲ੍ਹਾ ਪ੍ਰੀਸ਼ਦ ਦਫਤਰ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਵਲੋਂ ਕੈਪਟਨ ਸਰਕਾਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ ਅਤੇ ਨਾਲੋਂ ਨਾਲ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਕੋਰੋਨਾ ਪਾਜ਼ੀਟਿਵ ਆਉਣ ਤੇ ਉਹਨਾਂ ਦੀ ਚੰਗੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਰਵੀਸ਼ ਕੁਮਾਰ ਨੇ ਕਿਹਾ ਕੇ ਹਾਲਤ ਚਾਹੇ ਜੋ ਵੀ ਹੋਣ ਪਰ ਫਾਰਮਾਸਿਸਟ ਆਪਣੀ ਜੰਗ ਜਾਰੀ ਰੱਖਣਗੇ। ਕੋਰੋਨਾ ਮਹਾਮਾਰੀ ਵਿਚ ਫ਼ਰੰਟ ਕਤਾਰ ਤੇ ਸੇਵਾਵਾਂ ਨਿਭਾ ਰਹੇ ਫਾਰਮਾਸਿਸਟ ਪਿਛਲੇ ਲੱਗਭਗ ਇਕ ਮਹੀਨੇ ਤੋਂ ਆਪਣੀ ਰੈਗੂਲਰ ਸਰਵਿਸ ਦੀ ਮੰਗ ਲਈ ਹੜਤਾਲ ਕਰਨ ਲਈ ਮਜਬੂਰ ਹਨ ਪਰ ਮੁੱਖ ਮੰਤਰੀ ਇਸ ਮਾਮਲੇ ਨੂੰ ਲੈਕੇ ਬਿਲਕੁਲ ਵੀ ਗੰਭੀਰ ਨਹੀਂ ਮੁੱਖ ਮੰਤਰੀ ਦੁਆਰਾ ਸਿਰਫ ਫੇਸਬੁੱਕ ਤੇ ਲਾਈਵ ਹੋਕੇ ਚੋਣ ਵਾਅਦੇ ਪੂਰੇ ਕੀਤੇ ਜਾਣ ਦੀ ਕਵਾਇਦ ਬਣੀ ਹੋਈ ਹੈ।
ਪਰ ਗ੍ਰਾਊਂਡ ਰਿਐਲਿਟੀ ਕੁਝ ਹੋਰ ਹੀ ਹੈ ਇਸ ਲਈ ਜਥੇਬੰਦੀ ਦੀ ਮੰਗ ਹੈ ਕੇ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਮੁੱਖ ਮੰਤਰੀ ਨੂੰ ਬੈਸਟ ਫੇਸਬੁੱਕ ਐਵਾਰਡ ਨਾਲ ਸਨਮਾਨਿਤ ਕਰਨ, ਫਾਰਮਾਸਿਸਟਾਂ ਅਤੇ ਪੰਚਾਇਤ ਮੰਤਰੀ ਦਰਮਿਆਨ ਪਿਛਲੇ ਸਮੇ ਦੌਰਾਨ ਹੋਈਆਂ ਮੀਟਿੰਗਾਂ ਦੌਰਾਨ ਮੰਤਰੀ ਤ੍ਰਿਪਤ ਬਾਜਵਾ ਨੇ ਖੁਦ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਵਾਅਦਾ ਕੀਤਾ ਸੀ ਕੇ ਇਸ ਟਾਈਮ ਮਹਾਮਾਰੀ ਵਿਚ ਫਾਰਮਾਸਿਸਟ ਸਭ ਤੇ ਅੱਗੇ ਹੋਕੇ ਡਿਊਟੀਆਂ ਕਰ ਰਹੇ ਹਨ ਇਸ ਲਈ ਉਹਨਾਂ ਨੇ ਕਿਹਾ ਸੀ ਉਹ ਜਲਦ ਇਸ ਮਾਮਲੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਕੇ ਸੇਵਾਵਾਂ ਰੈਗੂਲਰ ਕਰਨਗੇ ਜੋ ਕੀ ਹੁਣ ਤੱਕ ਲਾਰੇ ਸਾਬਿਤ ਹੋ ਰਹੇ ਹਨ ਪਰ ਐਸੋਸੀਏਸ਼ਨ ਰੈਗੂਲਰ ਦਾ ਨੋਟੀਫਿਕੇਸ਼ਨ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ।
ਜਥੇਬੰਦੀ ਦਾ ਕਹਿਣਾ ਹੈ ਕੇ ਸਮੂਹ ਮੁਲਾਜ਼ਮ ਪਿਛਲੇ 14 ਸਾਲਾਂ ਤੋਂ ਕੰਟ੍ਰੈਕਟ ਅਧਾਰ ਤੇ ਨਿਗੁਣੀਆ ਤਨਖਾਹਾਂ ਉਪਰ ਨੌਕਰੀ ਕਰ ਰਹੇ ਹਨ ਹੁਣ ਕਰੋਨਾ ਮਹਾਮਾਰੀ ਦੌਰਾਨ ਫਾਰਮਾਸਿਸਟ ਫ਼ਰੰਟ ਲਾਈਨ ਤੇ ਡਿਊਟੀਆਂ ਪੂਰੀਆਂ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਉਹਨਾਂ ਦੀ ਕੋਈ ਜੋਬ ਸਕਿਉਰਿਟੀ ਨਹੀਂ ਹੈ ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿੱਦਿਅਕ ਯੋਗਤਾ ਪੂਰੀਆਂ ਕਰਦੇ ਹਨ ਇਸ ਲਈ ਕਰੋਨਾ ਮਹਾਮਾਰੀ ਦੇ ਮੌਜੂਦਾ ਗੰਭੀਰ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਫਾਰਮਾਸਿਸਟਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਸੇਵਾਵਾਂ ਪੱਕੀਆਂ ਕਰਨ ਲਈ ਕਦਮ ਚੁੱਕੇ ਅਜਿਹਾ ਜਲਦ ਨਾ ਹੋਣ ਦੀ ਸੂਰਤ ਵਿਚ ਜਥੇਬੰਦੀ ਵਲੋਂ ਅਗਾਮੀ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿਚ ਫਾਰਮੇਸੀ ਅਫਸਰ ਪਰਮਜੀਤ ਸਿੰਘ, ਸਰਬਜੀਤ ਸਿੰਘ ਅਤੇ ਦਰਜ਼ਾ ਚਾਰ ਮੰਦੀਪ ਕੌਰ, ਕੰਤਾ ਦੇਵੀ ਜ਼ਿਲ੍ਹਾ ਪ੍ਰਧਾਨ ਰਵੀਸ਼ ਕੁਮਾਰ ਜ਼ਿਲ੍ਹਾ ਸਕੱਤਰ ਸਰਬਜੀਤ ਸਿੰਘ ਆਦਿ ਸ਼ਾਮਿਲ ਸਨ।