ਅਸ਼ੋਕ ਵਰਮਾ
ਬਠਿੰਡਾ, 15 ਜੁਲਾਈ 2020 - ਪਿਛਲੇ ਕੁੱਝ ਦਿਨਾਂ ਦੌਰਾਨ ਕੋਰੋਨਾ ਵਾਇਰਸ ਵੱਲੋਂ ਪੰਜਾਬ ਦੀ ਅਫਸਰਸ਼ਾਹੀ 'ਤੇ ਬੋਲੇ ਹੱਲੇ ਨੇ ਬਠਿੰਡਾ ਦੇ ਅਫਸਰਾਂ ਨੂੰ ਡਰਾ ਦਿੱਤਾ ਹੈ। ਇਸੇ ਕਰਕੇ ਬਠਿੰਡਾ ਦੇ ਅਧਿਕਾਰੀਆਂ ਨੇ ਦਫਤਰਾਂ ਦੇ ਬੂਹੇ ਫਰਿਆਦੀਆਂ ਲਈ ਬੰਦ ਕਰ ਲਏ ਹਨ। ਰੌਚਕ ਤੱਥ ਹੈ ਕਿ ਪੰਜਾਬ ਦੇ ਕਾਲੇ ਦਿਨਾਂ ’ਚ ਵੀ ਅਜਿਹੀਆਂ ਪੇਸ਼ਬੰਦੀਆਂ ਦੇਖਣ ਨੂੰ ਨਹੀਂ ਮਿਲੀਆਂ ਸਨ ਜਦੋਂ ਕਿ ਹੁਣ ਤਾਂ ਕੋਰੋਨਾ ਸੰਕਟ ਦੀ ਆੜ ਵਿੱਚ ਲੋਕਾਂ ਨੂੰ ਪਿੱਛੇ ਧੱਕਣ ਦੀ ਪ੍ਰਕਿਰਿਆ ਅਪਣਾ ਲਈ ਹੈ। ਵੱਡੀ ਗੱਲ ਹੈ ਕਿ ਜਿਲ੍ਹਾ ਪ੍ਰਸ਼ਾਸਨ ਨੇ ਰੋਕਾਂ ਸਬੰਧੀ ਲੋਕ ਸੰਪਰਕ ਵਿਭਾਗ ਰਾਹੀਂ ਕੋਈ ਪ੍ਰੈਸ ਨੋਟ ਵੀ ਜਾਰੀ ਨਹੀਂ ਕਰਵਾਇਆ ਹੈ। ਆਮ ਆਦਮੀ ਦੀਆਂ ਜਰੂਰਤਾਂ ਨਾਲ ਜੁੜੇ ਇਸ ਮੁੱਦੇ ਤੇ ਕੋਈ ਵੀ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੋਇਆ ਪਰ ਆਮ ਲੋਕ ਇਨਾਂ ਰੋਕਾਂ ਕਾਰਨ ਖੱਜਲਖੁਆਰ ਹੋ ਰਹੇ ਹਨ। ਅਹਿਮ ਤੱਥ ਹੈ ਕਿ ਅਕਸਰ ਰੌਣਕ ’ਚ ਰਹਿਣ ਵਾਲੇ ਜਿਲ੍ਹਾ ਅਧਿਕਾਰੀਆਂ ਦੀਆਂ ਮੀਟਿੰਗਾਂ ਲਈ ਬਣੇ ਮੀਟਿੰਗ ਹਾਲ ਤਾਂ ਜਿੰਦਰਾ ਮਾਰ ਦਿੱਤਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਤੇ ਐਸਡੀਐਮ ਦਫਤਰਾਂ ਤੋਂ ਇਲਾਵਾ ਹੋਰ ਵੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਫਤਰਾਂ ਵੱਲ ਜਾਣ ਵਾਲੇ ਕੌਰੀਡੋਰਾਂ 'ਤੇ ਰੋਕਾਂ ਲਾ ਦਿੱਤੀਆਂ ਹਨ। ਆਮ ਤੌਰ ਤੇ ਆਮ ਲੋਕਾਂ ਲਈ ਹਰ ਦਿਨ ਖੁੱਲ੍ਹਾ ਰਹਿਣ ਵਾਲਾ ਖੁਰਾਕ ਤੇ ਸਪਲਾਈ ਵਿਭਾਗ ਦਾ ਦਫਤਰ ਵੀ ਬੰਦੀ ਹੇਠ ਆ ਗਿਆ ਹੈ। ਪ੍ਰਸ਼ਾਸਨ ਨੇ ਦਫਤਰਾਂ ਵੱਲ ਜਾਣ ਲਈ ਸਿਰਫ ਇੱਕ ਹੀ ਲਾਂਘਾ ਰੱਖਿਆ ਹੈ ਜਿਸ ਤਰਫ ਜਰੂਰੀ ਕੰਮ ਦੀ ਹਾਲਤ ’ਚ ਹੀ ਲੰਘਣ ਦੀ ਇਜਾਜਤ ਦਿੱਤੀ ਜਾਂਦੀ ਹੈ। ਆਮ ਲੋਕਾਂ ਦੇ ਕੰਮਾਂਕਾਰਾਂ ਲਈ ਸਵੇਰੇ 10 ਵਜੇ ਤੋਂ 1 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਐਸਡੀਐਮ ਦਫਤਰ ਨੂੰ ਜਾਣ ਵਾਲੇ ਗੇਟ ਦਾ ਇੱਕ ਦਰਵਾਜਾ ਪੂਰੀ ਤਰਾਂ ਬੰਦ ਕੀਤਾ ਹੋਇਆ ਹੈ ਜਦੋਂਕਿ ਇੱਕ ਨੂੰ ਸਿਰਫ ਉਨ੍ਹਾਂ ਹੀ ਖੁੱਲ੍ਹਾ ਰੱਖਿਆ ਗਿਆ ਹੈ ਤਾਂ ਜੋ ਸਿਰਫ ਇੱਕ ਹੀ ਆਦਮੀ ਲੰਘ ਸਕੇ। ਆਮ ਲੋਕਾਂ ਦੀਆਂ ਅਰਜੀਆਂ ਪ੍ਰਾਪਤ ਕਰਨ ਲਈ ਕਾਊਂਟਰ ਲਾ ਦਿੱਤੇ ਗਏ ਹਨ।
ਪ੍ਰਸ਼ਾਸਨ ਦੇ ਇਨ੍ਹਾਂ ਕਦਮਾਂ ਨਾਲ ਵੱਡੀ ਸਮੱਸਿਆ ਬਜ਼ੁਰਗਾਂ ਨੂੰ ਆ ਰਹੀ ਹੈ ਜੋਕਿ ਰਸਤਾ ਪੁੱਛਦਿਆਂ ਹੀ ਬੇਹਾਲ ਹੋਣ ਲੱਗੇ ਹਨ। ਆਪਣੀਆਂ ਪੈਨਸ਼ਨਾਂ ਸਬੰਧੀ ਆਉਣ ਵਾਲਿਆਂ ਲਈ ਤਾਂ ਪਾਬੰਦੀਆਂ ਸਭ ਤੋਂ ਵੱਧ ਦੁਖਦਾਈ ਸਾਬਤ ਹੋਈਆਂ ਹਨ। ਅੱਜ ਖੁਰਾਕ ਤੇ ਸਪਲਾਈ ਵਿਭਾਗ ਵਾਲੇ ਪਾਸਿਓਂ ਜਾਣ ਦੀ ਕੋਸ਼ਿਸ਼ ਕਰ ਰਹੀ ਇੱਕ ਵੱਡੀ ਉਮਰ ਦੀ ਔਰਤ ਨੂੰ ਤਾਂ ਗਰਮੀ ਕਾਰਨ ਚੱਕਰ ਆ ਗਿਆ। ਰਾਹਤ ਵਾਲੀ ਇਹੋ ਗੱਲ ਰਹੀ ਕਿ ਉਸ ਨੂੰ ਉਸ ਦੇ ਨਾਲ ਆਈਆਂ ਔਰਤਾਂ ਨੇ ਸੰਭਾਲ ਲਿਆ। ਬਜ਼ੁਰਗ ਕਰਤਾਰ ਕੌਰ ਨੇ ਦੱਸਿਆ ਕਿ ਉਹ ਬੁਢਾਪਾ ਪੈਨਸ਼ਨ ਦਫਤਰ ’ਚ ਕੰਮ ਆਈਆਂ ਸਨ ਪਰ ਰਾਹ ਦਾ ਪਤਾ ਨਹੀਂ ਲੱਗਿਆ ਅਤੇ ਇਸੇ ਕਾਰਨ ਉਨਾਂ ਦੇ ਨਾਲ ਆਈ ਔਰਤ ਦਾ ਸਿਰ ਚੱਕਰਾਉਣ ਲੱਗ ਪਿਆ। ਪ੍ਰਸ਼ਾਸਨ ਵੱਲੋਂ ਕਈ ਥਾਵਾਂ ਤੇ ਸੈਨੇਟਾਈਜ਼ਰ ਮਸ਼ੀਨਾਂ ਵੀ ਲਾਈਆਂ ਗਈਆਂ ਹਨ ਤਾਂ ਜੋ ਹਰ ਕੋਈ ਹੱਥ ਸਾਫ ਹੋਣ ਤੋਂ ਬਾਅਦ ਹੀ ਅੰਦਰ ਆਵੇ । ਦਿਲਚਸਪ ਗੱਲ ਹੈ ਕਿ ਏਨੀਆਂ ਪਾਬੰਦੀਆਂ ਦੇ ਬਾਵਜੂਦ ਜਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਆਮ ਲੋਕਾਂ ਦੀ ਭੀੜ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ।
ਲੋਕ ਆਖਦੇ ਹਨ ਕਿ ਅਫਸਰਾਂ ਦੇ ਦਫ਼ਤਰ ਭਾਵੇਂ ਰੋਕਾਂ ਹੇਠ ਲਿਆਂਦੇ ਗਏ ਹਨ ਪਰ ਸੁਵਿਧਾ ਕੇਂਦਰ ਵਾਲੇ ਪਾਸੇ ਕੋਈ ਇੰਤਜਾਮ ਨਹੀਂ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੇ ਕੰਮ ਧੰਦਿਆਂ ਲਈ ਸੇਵਾ ਕੇਂਦਰ ਬਣਾਇਆ ਗਿਆ ਹੈ ਜਿੱਥੇ ਦਰਜਨਾਂ ਦੀ ਗਿਣਤੀ ’ਚ ਲੋਕ ਆਉਂਦੇ ਹਨ। ਸੇਵਾ ਕੇਂਦਰ ਦੇ ਅੰਦਰ ਸਥਿੱਤੀ ਨੂੰ ਕਾਬੂ ਹੇਠ ਰੱਖਣ ਲਈ ਮੁੱਖ ਗੇਟ ਤੋਂ ਸੁਰੱਖਿਆ ਕਰਮੀ ਹੈ ਫਿਰ ਵੀ ਬੁਾਹਰਲੇ ਪਾਸੇ ਵੱਡੀ ਗਿਣਤੀ ਲੋਕ ਇਕੱਤਰ ਹੋ ਰਹੇ ਹਨ। ਇਹੋ ਹਾਲ ਜ਼ਿਲ੍ਹਾ ਟਰਾਂਸਪੋਰਟ ਦਫਤਰ ਦਾ ਹੈ ਜਿੱਥੇ ਕੰਮਾਂ ਕਾਰਾਂ ਲਈ ਆਉਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ ਜੋਕਿ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਹੈ। ਦੇਖਣ ’ਚ ਆਇਆ ਹੈ ਕਿ ਸਿਵਲ ਹਸਪਤਾਲ ਅਤੇ ਨਗਰ ਨਿਗਮ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਹਾਲਾਤ ਕੋਈ ਸੁਖਾਵੇਂ ਨਹੀਂ ਹਨ। ਦੌਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜ ਤੋਂ ਵੱਧ ਬੰਦੇ ਇਕੱਠੇ ਹੋਣ ਤੇ ਰੋਕ ਲਾਈ ਹੋਈ ਹੈ ਅਤੇ ਉਲੰਘਣਾ ਕਰਨ ਤੇ ਪੁਲਿਸ ਕੇਸ ਦਰਜ ਕਰਨ ਦੀ ਗੱਲ ਆਖੀ ਗਈ ਹੈੇ।
ਤਹਿਸੀਲ ਵਿੱਚ ਵੀ ਨਵੇਂ ਪ੍ਰਬੰਧ
ਤਹਿਸੀਲ ਦਫਤਰਾਂ ’ਚ ਕੰਮ ਲਈ ਜਾਣ ਵਾਲਿਆਂ ਵਾਸਤੇ ਸਿਰਫ ਇੱਕ ਦਰਵਾਜਾ ਤੈਅ ਕੀਤਾ ਹੈ। ਅੰਦਰ ਜਾਣ ਵਾਲੇ ਵਿਅਕਤੀਆਂ ਲਈਸੈਨੇਟਾਈਜ਼ ਹੋਣਾ ਜਰੂਰੀ ਹੈ। ਤਹਿਸੀਲ ਦੇ ਅੰਦਰ ਬਣੀਆਂ ਕੰਟੀਨਾਂ ਨੂੰ ਵੀ ਅਹਿਤਿਹਾਤ ਵਰਤਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਆਉਣ ਵਾਲਿਆਂ ਨੂੰ ਕਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਦੇ ਹੁਕਮ ਕੀਤੇ ਗਏ ਹਨ ਖਾਸ ਤੌਰ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਸਖਤੀ ਨਾਲ ਕਿਹਾ ਜਾ ਰਿਹਾ ਹੈ। ਸਰਕਾਰ ਤਰਫੋਂ ਆਨਲਾਈਨ ਸਿਸਟਮ ਤਹਿਤ ਕੀਤਾ ਬਾਇਓਮੀਟਰਿਕ ਪ੍ਰਬੰਧ ਵੀ ਬੰਦ ਰਹੇਗਾ ਅਤੇ ਦਸਤਾਵੇਜ਼ ਪਹਿਲਾਂ ਦੀ ਤਰਾਂ ਆਨਲਾਈਨ ਹੀ ਤਸਦੀਕ ਕੀਤੇ ਜਾਣਗੇ। ਇਸ ਤੋਂ ਇਲਾਵਾ ਰਜਿਸਟਰੀਆਂ ਕਰਵਾਉਣ ਵੇਲੇ ਵੀ ਫੋਟੋਆਂ ਕਰਨ ਦਾ ਢੰਗ ਬਦਲਿਆ ਹੈ।