ਮਨਪ੍ਰੀਤ ਸਿੰਘ ਜੱਸੀ
- ਰੂਪ ਸਿੰਘ ਸਿਰਫ ਆਪਣੇ ਪਰਿਵਾਰਕ ਕੰਮ ਲਈ ਕੈਨੇਡਾ ਗਏ: ਮਹਿੰਦਰ ਸਿੰਘ, ਮੌਜੂਦਾ ਕਾਰਜਕਾਰੀ ਮੁੱਖ ਸਕੱਤਰ
ਅੰਮ੍ਰਿਤਸਰ, 15 ਜੁਲਾਈ 2020 - ਬੀਤੇ ਦਿਨ ਤੋਂ ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵੱਲੋਂ ਲਈ 6 ਮਹੀਨੇ ਦੀ ਲੰਬੀ ਛੁੱਟੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਧਰ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਘੱਟਣ ਦਾ ਮਾਮਲਾ ਵੀ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਭਾਵੇਂ ਡਾ. ਰੂਪ ਸਿੰਘ ਵੱਲੋਂ ਲਈ ਛੁੱਟੀ ਦਾ ਇਸ ਬਾਬਤ ਕੋਈ ਲੈਣ ਦੇਣ ਨਹੀਂ ਹੈ ਪਰ ਫਿਰ ਵੀ ਇਹ ਦੋਵੇਂ ਮਾਮਲੇ ਚਰਚਾ ਦਾ ਵਿਸ਼ਾ ਬਣ ਗਏ ਹਨ।
ਇਸ ਸਬੰਧੀ ਜਦ ਮਹਿੰਦਰ ਸਿੰਘ ਆਹਲੀ, ਮੌਜੂਦਾ ਕਾਰਜਕਾਰੀ ਮੁੱਖ ਸਕੱਤਰ ਤੇ ਨਿੱਜੀ ਸਕੱਤਰ ਪ੍ਰਧਾਨ ਲੌਂਗੋਵਾਲ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾ. ਰੂਪ ਸਿੰਘ ਆਪਣੇ ਪਰਿਵਾਰਕ ਕੰਮ ਲਈ ਕੈਨੇਡਾ ਗਏ ਹਨ। ਉਨ੍ਹਾਂ ਪਹਿਲਾਂ ਵੀ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਜੋ ਕਿ ਲਾਕਡਾਊਨ ਕਰਕੇ ਵਿਚਾਲੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਘੱਟ ਜਾਣ ਦਾ ਮਾਮਲਾ ਇਸ ਤੋਂ ਅਲੱਗ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ 'ਚ ਕੰਮ ਕਰਦੇ ਕੰਵਲਜੀਤ ਸਿੰਘ ਵੱਲੋਂ ਚੁੱਕਿਆ ਜਾ ਰਿਹਾ ਹੈ ਜੋ ਕਿ ਹੁਣ ਰਿਟਾਇਰ ਹੋ ਗਿਆ ਹੈ।
ਬੀਤੇ ਦਿਨੀਂ ਇਸ ਮਾਮਲੇ ਸਬੰਧੀ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਇਸ ਦੀ ਨਿਰੱਪਖ ਜਾਂਚ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਦੇ ਹੁਕਮਾਂ ਅਨੁਸਾਰ ਸਾਰਾ ਰਿਕਾਰਡ ਸੀਲ ਕਰਵਾ ਦਿੱਤਾ ਗਿਆ ਸੀ।