ਸੰਜੀਵ ਸੂਦ
ਲੁਧਿਆਣਾ, 15 ਜੁਲਾਈ 2020 - ਪੰਜਾਬ ਵਿੱਚ ਆਉਂਦੇ ਦਿਨਾਂ ਵਿਚ ਮੌਨਸੂਨ ਮੁੜ ਤੋਂ ਐਕਟਿਵ ਹੋਣ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ ਦਿਨਾਂ 'ਚ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਤੇਜ਼ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣਾ ਹੈ ਅਤੇ ਖਾਸ ਕਰਕੇ ਮਾਝੇ ਦੇ ਇਲਾਕਿਆਂ ਵਿੱਚ ਤੇਜ਼ ਮੀਂਹ ਦੀ ਸੰਭਾਵਨਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਪੰਜਾਬ 'ਚ ਆਉਂਦੇ ਤਿੰਨ ਦਿਨ ਤੱਕ ਜ਼ਿਆਦਾਤਰ ਥਾਵਾਂ 'ਤੇ ਦਰਮਿਆਨੇ ਤੋਂ ਤੇਜ਼ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਜੁਲਾਈ ਮਹੀਨੇ 'ਚ 217 ਐੱਮ ਐੱਮ ਔਸਤਨ ਮੀਂਹ ਪੈਂਦਾ ਹੈ ਪਰ ਜਦੋਂ ਕਿ ਹੁਣ ਤੱਕ ਲੁਧਿਆਣਾ ਦੇ ਵਿੱਚ 14 ਜੁਲਾਈ ਤੱਕ 188 ਐੱਮ ਐੱਮ ਬਾਰਿਸ਼ ਹੋਈ ਹੈ। ਡਾਕਟਰ ਪ੍ਰਭਜੋਤ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਮੌਨਸੂਨ ਮੀਂਹ ਪਾ ਰਿਹਾ ਹੈ ਲੱਗਦਾ ਹੈ ਕਿ ਜੁਲਾਈ ਮਹੀਨੇ ਵਿੱਚ ਔਸਤਨ ਤੋਂ ਵੱਧ ਮੀਂਹ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਦੇ ਨਾਲ ਪਾਰੇ 'ਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਮਾਝੇ ਦੇ ਇਲਾਕੇ ਨਾਲ਼ ਲੁਧਿਆਣਾ ਤੱਕ ਵੀ ਮੀਂਹ ਕਾਫੀ ਤੇਜ਼ ਪਵੇਗਾ।