ਜੀ ਐਸ ਪੰਨੂ
ਪਟਿਆਲਾ, 15 ਜੁਲਾਈ 2020 - ਸੱਤਾਧਾਰੀ ਧਿਰਾਂ ਕੋਰੋਨਾ ਨਾਲ ਤਾਂ ਲੜ ਹੀ ਰਹੀਆਂ ਹੋਣਗੀਆਂ ਪਰ ਪੱਤਰਕਾਰਾਂ ਨੂੰ ਵੀ ਨਾਜਾਇਜ਼ ਤੌਰ 'ਤੇ ਆਪਣਾ ਸ਼ਿਕਾਰ ਬਣਾ ਰਹੀਆਂ ਹਨ, ਜਿਸ ਤਹਿਤ ਕਪੂਰਥਲਾ ਹਲਕੇ ਦੇ ਵਿਧਾਇਕ ਤੇ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਉੱਘੇ ਬਰਾਡਕਾਸਟਰ ਤੇ ਪੱਤਰਕਾਰ ਪਰਮਿੰਦਰ ਟਿਵਾਣਾ ਖਿਲਾਫ ਝੂਠੀ ਸ਼ਿਕਾਇਤ ਕੀਤੇ ਜਾਣ ਵਿਰੁੱਧ ਅੱਜ ਪਟਿਆਲਾ ਦੇ ਪੱਤਰਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਜਿਸ ਵਿਚ ਕਿਹਾ ਗਿਆ ਕਿ ਰਾਣਾ ਗੁਰਜੀਤ ਸਿੰਘ ਪੱਤਰਕਾਰ ਪਰਮਿੰਦਰ ਟਿਵਾਣਾ ਨੂੰ ਝੂਠੀਆਂ ਸ਼ਿਕਾਇਤਾਂ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ, ਅਗਾਊਂ ਜਮਾਨਤ ਹੋਣ ਦੇ ਬਾਵਜੂਦ ਕਪੂਰਥਲਾ ਦੀ ਪੁਲਿਸ ਪੱਤਰਕਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ। ਜਿਨ੍ਹਾਂ ਕਿਹਾ ਕਿ ਅਜਿਹੀਆਂ ਝੂਠੀਆਂ ਸ਼ਿਕਾਇਤਾਂ ਨੂੰ ਠੱਲ ਪਾਈ ਜਾਵੇ ਜੇਕਰ ਪੱਤਰਕਾਰ ਟਿਵਾਣਾ ਦੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਉਸ ਦੀ ਪੜਤਾਲ ਪਟਿਆਲਾ ਜਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਉਚ ਪੁਲਿਸ ਅਧਿਕਾਰੀ ਤੋਂ ਕਰਾਈ ਜਾਵੇ।
ਮੁੱਖ ਮੰਤਰੀ ਦੇ ਨਾਮ ਤੇ ਦਿੱਤੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਪੱਤਰਕਾਰ ਟਿਵਾਣਾ ਐਮ/ਐੱਸ ਗਲੋਬਲ ਪੰਜਾਬ ਪ੍ਰੀਮੀਅਮ ਟੀਵੀ ਜੋ ਕਿ ਪ੍ਰੋਫੈਸਰ ਕਾਲੋਨੀ ਪਟਿਆਲਾ ਵਿਚ ਬਤੌਰ ਟੀਵੀ ਹੋਸਟ ਦੀ ਡਿਊਟੀ ਕਰਦਾ ਹੈ, ਉਸ ਖ਼ਿਲਾਫ਼ ਕਪੂਰਥਲਾ ਦੇ ਵਾਸੀ ਗੁਰਜੀਤ ਸਿੰਘ ਰਾਣਾ ਪੁੱਤਰ ਦਲਜੀਤ ਸਿੰਘ ਵੱਲੋਂ ਗ਼ਲਤ ਤੱਥਾਂ ਦੇ ਆਧਾਰਿਤ ਇਕ ਸ਼ਿਕਾਇਤ ਕਪੂਰਥਲਾ ਪੁਲਿਸ ਨੂੰ ਦਿੱਤੀ ਹੈ। ਜਿਸ ਵਿਚ ਉਨ੍ਹਾਂ ਨੂੰ ਟੀਵੀ ਸ਼ੋਅ ਦੇ ਦੌਰਾਨ ਬਲੈਕਮੇਲ ਕਰਨ ਦੇ ਦੋਸ਼ ਲਗਾਏ ਹਨ। ਇਸ ਝੂਠੇ ਵਕੂਏ ਮੁਤਾਬਿਕ ਦਰਖਾਸਤ ਨੰ. 391/ਆਰ/ਐੱਸ ਪੀ/ ਪੀ ਬੀ ਆਈ-ਮਿਤੀ 4-6-2020 ਵਿਧਾਇਕ ਨੇ ਸ਼ਿਕਾਇਤ ਕਰ ਦਿੱਤੀ ਹੈ ਜਿਸ ਦੀ ਪੜਤਾਲ ਕਪੂਰਥਲਾ ਜ਼ਿਲ੍ਹੇ ਦੇ ਐੱਸ ਪੀ/ਓ ਸੀ/ਨਾਰਕੋਟਿਕ ਕਰ ਰਹੇ ਹਨ। ਬੇਨਤੀ ਪੱਤਰ ਵਿਚ ਲਿਖਿਆ ਹੈ ਕਿ ਸ਼ਿਕਾਇਤ ਕਰਤਾ ਆਪਣੇ ਅਸਰ ਰਸੂਖ਼ ਦਾ ਨਜਾਇਜ਼ ਫ਼ਾਇਦਾ ਲੈਂਦੇ ਹੋਏ ਪਰਮਿੰਦਰ ਸਿੰਘ ਟਿਵਾਣਾ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਹੈ। ਜਦ ਕਿ ਜਿਸ ਪ੍ਰੋਗਰਾਮ ਦੀ ਰਾਣਾ ਗੁਰਜੀਤ ਸਿੰਘ ਗੱਲ ਕਰਦੇ ਹਨ ਉਸ ਵਿਚ ਗੁਰਜੀਤ ਸਿੰਘ ਖਿਲਾਫ ਕੁਝ ਵੀ ਇਤਰਾਜ਼ਯੋਗ ਨਹੀਂ ਹੈ, ਜਿਸ ਦਾ ਲਿੰਕ ਇੱਥੇ ਦਿੱਤਾ ਜਾਂਦਾ ਹੈ
https://www.youtube.com/watch?v=G-u4wxHGejY&feature=share
ਪੱਤਰਕਾਰ ਟਿਵਾਣਾ ਦੀ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ-2 ਵੱਲੋਂ ਅਗਾਊਂ ਜ਼ਮਾਨਤ 19 ਜੂਨ 2020 ਨੂੰ ਮਨਜ਼ੂਰ ਕਰ ਦਿੱਤੀ ਹੈ ਫੇਰ ਵੀ ਕਪੂਰਥਲਾ ਪੁਲਿਸ ਆਪਣੇ ਵਿਧਾਇਕ ਦੇ ਕਹਿਣ ਤੇ ਪਰਮਿੰਦਰ ਟਿਵਾਣਾ ਨੂੰ ਪ੍ਰੇਸ਼ਾਨ ਕਰ ਰਹੀ ਹੈ। ਪੱਤਰਕਾਰਾਂ ਦੇ ਵਫਦ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਕਤ ਹਾਲਤਾਂ ਦੇ ਮੱਦੇਨਜ਼ਰ ਜੇਕਰ ਪੱਤਰਕਾਰ ਟਿਵਾਣਾ ਖ਼ਿਲਾਫ਼ ਕੋਈ ਦਰਖਾਸਤ ਹੈ ਤਾਂ ਦਰਖਾਸਤ ਦੀ ਪੜਤਾਲ ਕਪੂਰਥਲਾ ਤੋਂ ਬਦਲ ਕੇ ਪਟਿਆਲਾ, ਫ਼ਤਿਹਗੜ੍ਹ ਸਾਹਿਬ ਜਾਂ ਕਿਸੇ ਹੋਰ ਨਜ਼ਦੀਕੀ ਜ਼ਿਲ੍ਹੇ ਜਾਂ ਕਸਬੇ ਵਿਚ ਕਿਸੇ ਨਿਰਪੱਖ ਸੀਨੀਅਰ ਅਫ਼ਸਰ ਨੂੰ ਦਿੱਤੀ ਜਾਵੇ ਤਾਂ ਜੋ ਸਹੀ ਇਨਸਾਫ ਮਿਲ ਸਕੇ। ਇਥੇ ਇਹ ਦੱਸਣਯੋਗ ਹੈ ਕਿ ਵਕੂਆ ਕਪੂਰਥਲਾ ਪੁਲਿਸ ਦਾ ਨਹੀਂ ਹੈ ਨਾ ਟਿਵਾਣਾ ਨੇ ਕਪੂਰਥਲਾ ਜਾ ਕੇ ਕੋਈ ਜੂਲਮ ਕੀਤਾ ਹੈ ਪੱਤਰਕਾਰ ਨੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਨਾ ਹੀ ਕੋਈ ਆਪਣੇ ਵਲੋਂ ਵਿਧਾਇਕ ਖਿਲਾਫ ਦੋਸ਼ ਲਾਏ ਹਨ। ਇਨ੍ਹਾਂ ਗੱਲਾਂ ਨੂੰ ਸਨਮੂਖ ਰੱਖਦੇ ਹੋਏ ਮੁੱਖ ਮੰਤਰੀ ਆਪਣੇ ਸ਼ਹਿਰ ਦੇ ਪੱਤਰਕਾਰਾਂ ਵੱਲ ਆਪਣਾ ਖਾਸ ਧਿਆਨ ਦੇਣਗੇ ਤਾਂ ਜ਼ੋ ਨਾਜਾਇਜ਼ ਤੰਗ ਪ੍ਰੇਸਾਨ ਨਾ ਕੀਤਾ ਜਾਵੇ।
ਇਸ ਸਮੇਂ ਪੱਤਰਕਾਰਾਂ ਦੇ ਵਫਦ ਵਿਚ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ, ਮੀਡੀਆ ਵੈਲਫੇਅਰ ਐਸੋਸੀਏਸ਼ਨ ਦੇ ਪੁਰਬ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਆਲ ਇਡੀਆ ਰੇਡਿਓ ਪਟਿਆਲਾ ਦੇ ਡਾਇਰੈਕਟਰ ਅਮਰਜੀਤ ਸਿੰਘ ਵੜੈਚ, ਜਗਬਾਣੀ, ਪੰਜਾਬ ਕੇਸਰੀ ਦੇ ਮਨਦੀਪ ਸਿੰਘ ਜੋਸਨ, ਸਪੋਕਸਮੈਨ ਤੋਂ ਤੇਜਿੰਦਰ ਸਿੰਘ ਫਤਿਹਪੁਰੀ, ਚੜਦੀਕਲਾ ਤੋਂ ਗੁਰਮੁੱਖ ਸਿੰਘ ਰੁਪਾਣਾ, ਟਾਇਮ ਟੀਵੀ ਤੋਂ ਰਣਬੀਰ ਸਿੰਘ ਸੰਧੂ, ਜਗਬਾਣੀ ਪੰਜਾਬ ਕੇਸਰੀ ਤੋਂ ਸੀਨੀਅਰ ਪੱਤਰਕਾਰ ਪਰਮੀਤ ਸਿੰਘ, ਜਾਗਰਣ ਤੋਂ ਬਲਵਿੰਦਰ ਸਿੰਘ ਤੇ ਮਹਿੰਦਰਪਾਲ ਸਿੰਘ ਬੱਬੀ ਤੋਂ ਇਲਾਵਾ ਹੋਰ ਕਈ ਸਾਰੇ ਇਲਕੈਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦੇ ਪੱਤਰਕਾਰ ਮੌਜੂਦ ਸਨ।