ਹਰਿੰਦਰ ਨਿੱਕਾ
- ਖਾਦ ਦੇ ਇੱਕ ਨਮੂਨੇ ਦੀ ਰਿਪੋਰਟ ਸਬਸਟੈਂਡਰਡ ਆਉਣ ’ਤੇ ਸਬੰਧਤ ਫਰਮ ਵਿਰੁੱਧ ਸ਼ੁਰੂ ਕੀਤੀ ਬਣਦੀ ਕਾਰਵਾਈ: ਮੁੱਖ ਖੇਤੀਬਾੜੀ ਅਫ਼ਸਰ
ਸੰਗਰੂਰ, 15 ਜੁਲਾਈ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਨੂੰ ਸਿਹਤ ਪੱਖੋਂ ਦੇਸ਼ ਦਾ ਅੱਵਲ ਸੂਬਾ ਬਣਾਉਣ ਲਈ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਮਿਆਰੀ ਖੇਤੀ ਵਸਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲਾ ਤੇ ਬਲਾਕ ਪੱਧਰ ਦੀਆਂ ਟੀਮਾਂ ਵੱਲੋਂ ਹੁਣ ਤੱਕ ਜ਼ਿਲੇ ’ਚੋਂ ਖਾਦਾਂ ਦੇ 57 ਅਤੇ ਕੀਟਨਾਸ਼ਕ ਦਵਾਈਆਂ ਦੇ 77 ਨਮੂਨੇ ਭਰੇ ਜਾ ਚੁੱਕੇ ਹਨ ਜਿਨਾਂ ’ਚੋਂ ਕ੍ਰਮਵਾਰ 30 ਤੇ 17 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਇਨਾਂ ਪ੍ਰਾਪਤ ਹੋਈਆਂ ਰਿਪੋਰਟਾਂ ’ਚੋਂ ਸਿਰਫ਼ ਇੱਕ ਖਾਦ ਦੇ ਸੈਂਪਲ ਦੀ ਰਿਪੋਰਟ ਸਬਸਟੈਂਡਰਡ ਆਈ ਹੈ ਜਿਸ ਤੋਂ ਬਾਅਦ ਸਬੰਧਤ ਫਰਮ ਵਿਰੁੱਧ ਬਣਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਹ ਮੁਹਿੰਮ ਵਧੀਕ ਮੁੱਖ ਸਕੱਤਰ ਖੇਤਬਾੜੀ, ਪੰਜਾਬ ਸਰਕਾਰ ਸ਼੍ਰੀ ਅਨੀਰੁੱਧ ਤਿਵਾੜੀ, ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ ਅਤੇ ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਪੰਜਾਬ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਬਲਾਕਾਂ ਦੇ ਕੀਟਨਾਸ਼ਕ ਅਤੇ ਖਾਦ ਵਿਕ੍ਰੇਤਾਵਾਂ ਦੀ ਲੜੀਵਾਰ ਚੈਕਿੰਗ ਕਰਕੇ ਲਗਾਤਾਰ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਾਉਣੀ 2020 ਦੌਰਾਨ ਕਿਸਾਨਾਂ ਨੂੰ ਉੱਚ ਮਿਆਰ ਦੀਆਂ ਖੇਤੀ ਇਨਪੁਟਸ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਖਾਦਾਂ ਤੇ ਕੀਟਨਾਸ਼ਕਾਂ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਨਿਰੰਤਰ ਚੱਲ ਰਹੀ ਹੈ।
ਉਨਾਂ ਜ਼ਿਲੇ ਦੇ ਸਮੂਹ ਖੇਤੀ ਇਨਪੁਟਸ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਕੇਵਲ ਅਧਿਕਾਰਤ ਨਿਰਮਾਤਾ ਕੰਪਨੀਆਂ ਦੇ ਬਣੇ ਉੱਚ ਮਿਆਰ ਦੇ ਉਤਪਾਦ ਹੀ ਕਿਸਾਨਾਂ ਨੂੰ ਸਹੀ ਬਿਲ ਸਮੇਤ ਦਿੱਤੇ ਜਾਣ। ਉਨਾਂ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਸ ਸਬੰਧੀ ਅਣਗਹਿਲੀ ਕਰਨ ਵਾਲੀਆਂ ਫਰਮਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ੳਨਾਂ ਜ਼ਿਲੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਵਿਭਾਗ ਵੱਲੋਂ ਬਾਸਮਤੀ ਲਈ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਜ਼ਿਲੇ ਅੰਦਰ ਵਧੀਆ ਕੁਆਲਟੀ ਦੀ ਬਾਸਮਤੀ ਦੀ ਪੈਦਾਵਾਰ ਕੀਤੀ ਜਾ ਸਕੇ।