ਗੁਰ ਰੰਧਾਵਾ
ਤਰਨਤਾਰਨ, 31 ਜੁਲਾਈ 2020 - ਤਰਨਤਾਰਨ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਿਚ ਦੋ ਦਿਨਾਂ ’ਚ ਕਰੀਬ 23 ਵਿਅਕਤੀਆਂ ਦਾ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ ਦਾ ਸ਼ੱਕ ਹੈ। ਇਸ ਮਾਮਲੇ ਵਿਚ
ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮੱੁਹਲਾ ਜੱਸੇ ਵਾਲਾ ਅਤੇ ਸੱਚ ਖੰਡ ਰੋਡ ਨਿਵਾਸੀ 8 ਵਿਅਕਤੀਆਂ ਦੀ ਵੀਰਵਾਰ ਰਾਤ ਨੂੰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਚੱੁਕੀ ਹੈ। ਜਿੰਨਾਂ ’ਚ ਹਰਜੀਤ ਸਿੰਘ (67), ਭਾਗਮਲ (46), ਹਰਜੀਤ ਸਿੰਘ (66), ਪਿਆਰਾ ਸਿੰਘ (65), ਕੁਲਦੀਪ ਸਿੰਘ, ਅਮਰੀਕ ਸਿੰਘ, ਸੁਖਚੈਨ ਸਿੰਘ, ਰਣਜੀਤ ਸਿੰਘ ਸ਼ਾਮਲ ਹਨ। ਇਸ ਤੋ ਇਲਾਵਾ ਪਿੰਡ ਨੌਰੰਗਾਬਾਦ ਦੇ ਨਿਵਾਸੀ ਸੁਖਦੇਵ ਸਿੰਘ, ਰਾਮਾ, ਸਾਹਿਬ ਸਿੰਘ, ਧਰਮ ਸਿੰਘ, ਹਰਬੰਸ ਸਿੰਘ ਪਿੰਡ ਮੱਲ ਮੋਹਰੀ ਦੇ ਪਿਉ ਪੁੱਤਰ ਨਾਜਰ ਸਿੰਘ ਤੇ ਧਰਮਿੰਦਰ ਸਿੰਘ, ਪਿੰਡ ਬੱਚੜੇ ਦੇ ਗੁਰਵੇਲ ਸਿੰਘ ਅਤੇ ਗੁਰਜੀਤ ਸਿੰਘ, ਪਿੰਡ ਭੱੁਲਰ ਦੇ ਪ੍ਰਕਾਸ਼ ਸਿੰਘ, ਬਲਵਿੰਦਰ ਸਿੰਘ ਅਤੇ ਵੱਸਣ ਸਿੰਘ, ਪਿੰਡ ਕੱਲਾ ਦੇ ਸੋਨੂੰ, ਜਵੰਦਾ ਦੇ ਨਿਰਵੈਲ ਸਿੰਘ, ਅਲਾਵਲਪੁਰ ਦੇ ਕਰਤਾਰ ਸਿੰਘ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜ਼ਿਲੇ ਵਿਚ ਉਕਤ ਮੌਤਾਂ ਬੀਤੇ ਦੋ ਦਿਨਾਂ ਵਿਚ ਹੋਈਆਂ ਹਨ, ਇਸ ਤੋਂ ਇਲਾਵਾ ਇਕ ਦਰਜ਼ਨ ਦੇ ਕਰੀਬ ਵਿਅਕਤੀ ਅਜੇ ਵੀ ਹਸਪਤਾਲਾਂ ਵਿਚ ਜ਼ੇਰੇ ਇਲਾਜ਼ ਹਨ। ਪੂਰੇ ਮਾਮਲੇ ਸਬੰਧੀ ਥਾਣਾ ਸਦਰ ਦੇ ਏ.ਐੱਸ.ਆਈ ਵਿਪਨ ਕੁਮਾਰ ਨੇ ਦੱਸਿਆ ਕਿ ਮਿ੍ਰਤਕਾਂ ਦੇ ਰਿਸ਼ਤੇਦਾਰ ਗੁਰਦਰਸ਼ਨ ਸਿੰਘ ਦੇ ਬਿਆਨਾਂ ਹੇਠ ਕਸ਼ਮੀਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਅੰਗਰੇਜ ਸਿੰਘ ਪੁੱਤਰ ਧੰਨਾ ਸਿੰਘ ਨਿਵਾਸੀ ਪੰਡੋਰੀ ਗੋਲਾ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਗਿ੍ਰਫਤਾਰ ਕਰ ਲਿਆ ਜਾਵੇਗਾ।
ਜ਼ਿਲ੍ਹਾ ਪੁਲਿਸ ਤੋਂ ਨਹੀਂ ਲਗਾਈ ਜਾ ਰਹੀ ਪਿੰਡਾਂ ਅਤੇ ਸ਼ਹਿਰਾਂ ਵਿਚ ਵਿੱਕਦੀ ਨਾਜਾਇਜ਼ ਸ਼ਰਾਬ ’ਤੇ ਰੋਕ...
ਇੱਥੇ ਦੱਸਣਾ ਬਣਦਾ ਹੈ ਕਿ ਆਏ ਦਿਨ ਹੀ ਕਈ ਲੋਕ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੀ ਜ਼ਹਿਰੀਲੀ ਸ਼ਰਾਬ ਪੀ ਕੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਪਰ ਮਰਨ ਵਾਲਿਆਂ ਦੇ ਪਰਿਵਾਰਾਂ ਵਲੋਂ ਵਾਰ-ਵਾਰ ਪੁਲਸ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਵਿੱਕਦੀ ਨਾਜਾਇਜ਼ ਸ਼ਰਾਬ ’ਤੇ ਕਾਬੂ ਪਾਉਣ ਲਈ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ, ਪਰ ਇਹ ਸ਼ਿਕਾਇਤਾਂ ਕੇਵਲ ਫਾਇਲਾਂ ਵਿਚ ਹੀ ਬੰਦ ਰਹਿ ਜਾਂਦੀਆਂ ਹਨ। ਪੁਲਸ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ’ਤੇ ਕਾਬੂ ਪਾਉਣ ਲਈ ਪੂਰੀ ਤਰਾਂ ਅਸਫ਼ਲ ਨਜ਼ਰ ਆ ਰਹੀ ਹੈ।