ਹਰਦਮ ਮਾਨ
ਸਰੀ, 31 ਜੁਲਾਈ 2020 - ਕੈਨਡਾ ਸਰਕਾਰ ਨੇ ਮਨੁੱਖੀ ਤਸਕਰੀ ਰੋਕਣ ਲਈ ਅਤੇ ਇਸ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ 19 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ। ਇਹ ਰਾਸ਼ੀ ਮਨੁੱਖੀ ਤਸਕਰੀ ਨੂੰ ਰੋਕਣ ਲਈ ਚਲਾਏ ਜਾ ਰਹੇ ਚਾਰ ਸਾਲਾ ਨੈਸ਼ਨਲ ਪ੍ਰੋਗਰਾਮ ਦਾ ਹਿੱਸਾ ਹੈ।
ਜ਼ਿਕਰਯੋਗ ਹੈ ਕਿ ਪੰਜ ਸਾਲਾ ਫੈਡਰਲ ਫੰਡਿੰਗ ਮਈ ਮਹੀਨੇ ਵਿਚ ਖਤਮ ਹੋ ਗਈ ਸੀ ਅਤੇ ਇਸ ਕਾਰਨ ਲੰਡਨ ਐਬਿਊਜ਼ਡ ਵੁਮਨਜ਼ ਸੈਂਟਰ ਨੂੰ ਆਪਣਾ ਉਹ ਪ੍ਰੋਗਰਾਮ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਜਿਸ ਰਾਹੀਂ ਮਨੁੱਖੀ ਤਸਕਰੀ,ਵੇਸ਼ਵਾਗਮਨੀ,ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ 3100 ਔਰਤਾਂ ਤੇ ਲੜਕੀਆਂ ਦੀ ਮਦਦ ਕੀਤੀ ਗਈ ਸੀ। ਇਹ ਸਹਾਇਤਾ ਹਾਸਲ ਕਰਨ ਵਾਲੀ ਇਕ ਸਾਬਕਾ ਸੈਕਸ ਟਰੇਡ ਵਰਕਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਇਸ ਸਰਵਿਸ ਨੂੰ ਮੁੜ ਸ਼ੁਰੂ ਕਰਨ ਲਈ ਮੰਗ ਕੀਤੀ ਅਤੇ ਇਸ ਤੋਂ ਬਾਅਦ ਹੀ ਲੰਡਨ ਏਰੀਆ ਦੇ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਕੈਰਨ ਵੈਚੀਓ ਤੇ ਐਨਡੀਪੀ ਦੀ ਐਮ.ਪੀ. ਲਿੰਡਸੇ ਮੈਥੀਸਨ ਨੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਐਮਪੀਜ਼ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਇਸ ਮਹਿਲਾ ਆਰਗੇਨਾਈਜ਼ੇਸ਼ਨ ਲਈ ਫੰਡ ਦੇਣ ਦੀ ਮੰਗ ਕੀਤੀ ਸੀ।
ਇਸ ਪ੍ਰੋਗਰਾਮ ਤਹਿਤ ਕਿਸੇ ਵੀ ਤਰ੍ਹਾਂ ਦੇ ਪ੍ਰੋਜੈਕਟ ਲਈ ਸਹਾਇਤਾ ਵਾਸਤੇ 4 ਸਤੰਬਰ ਤੱਕ ਵੁਮਨ ਐਂਡ ਜੈਂਡਰ ਇਕੁਆਲਟੀ ਕੈਨੇਡਾ ਜਾਂ ਪਬਲਿਕ ਸੇਫਟੀ ਕੈਨੇਡਾ ਰਾਹੀਂ ਅਪਲਾਈ ਕਰਨਾ ਪਵੇਗਾ।