ਨਵੀਂ ਦਿੱਲੀ, 1 ਅਗਸਤ 2020 - ਭਾਰਤ ਸਰਕਾਰ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ਬਣਾ ਰਹੀ ਹੈ ਜਿਸ ਨਾਲ ਮੌਜੂਦਾ ਸਮੇਂ ਦਾ 5 ਘੰਟਿਆਂ ਦਾ ਸਫਰ ਘੱਟ ਹੋ ਜਾਵੇਗਾ ਅਤੇ ਜਿਸ ਕਾਰਨ ਚੰਡੀਗੜ੍ਹ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਸਿਰਫ 2 ਘੰਟੇ ਵਿੱਚ ਤੈਅ ਹੋਵੇਗਾ।
ਕੇਂਦਰ ਸਰਕਾਰ ਦੀ ਏਜੰਸੀ ਨੈਸ਼ਨਲ ਹਾਈਵੇਅ ਆਫ ਇੰਡੀਆ (ਐਨਐਚਏ) ਦੁਆਰਾ ਤਿਆਰ ਕੀਤੇ ਵੇਰਵਿਆਂ ਅਨੁਸਾਰ, ਇਹ ਗ੍ਰੀਨਫੀਲਡ ਐਕਸਪ੍ਰੈਸ ਵੇਅ 670 ਕਿਲੋਮੀਟਰ ਦੀ ਲੰਬਾਈ ਦਾ ਹੋਵੇਗਾ। ਇਹ ਲੁਧਿਆਣਾ, ਜਲੰਧਰ, ਗੁਰਦਾਸਪੁਰ ਅਤੇ ਜੰਮੂ ਨੂੰ ਵੀ ਆਪਸ 'ਚ ਜੋੜੇਗਾ। ਐਨਐਚਏਆਈ ਪਹਿਲਾਂ ਹੀ ਇਸਮਾਈਲਾਬਾਦ-ਜੀਂਦ-ਨਾਰਨੌਲ ਐਨਐਚ -152 ਡੀ ਦਾ ਨਿਰਮਾਣ ਕਰ ਰਿਹਾ ਹੈ। ਮੌਜੂਦਾ ਇਸਮਾਈਲਾਬਾਦ-ਅੰਬਾਲਾ ਸੈਕਸ਼ਨ ਨੂੰ ਜੋੜਨ ਅਤੇ ਗਰੀਨਫੀਲਡ ਅੰਬਾਲਾ-ਚੰਡੀਗੜ੍ਹ ਹਾਈਵੇ ਨੂੰ ਬਣਾਉਣ ਲਈ ਡੀਪੀਆਰ ਵੀ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਏਅਰਪੋਰਟ ਦਾ ਰਾਸਤਾ ਦਿੱਲੀ-ਕਟੜਾ ਐਕਸਪ੍ਰੈਸ ਵੇਅ ਰਾਹੀਂ ਸਿਰਫ 2 ਘੰਟਿਆਂ ਦਾ ਰਹਿ ਜਾਵੇਗਾ।
ਐਨਐਚਏਆਈ ਅਨੁਸਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸੂਬੇ ਦੇ ਵੱਡੇ ਇਕਨੋਮਿਕਸ ਅਤੇ ਸੈਰ-ਸਪਾਟਾ ਕੇਂਦਰਾਂ ਨਾਲ ਸੰਪਰਕ ਵਧਾਉਣ ਲਈ ਹੁਣ ਗ੍ਰੀਨਫੀਲਡ ਅਲਾਈਨਮੈਂਟ ਨੂੰ ਲੁਧਿਆਣਾ ਤੋਂ ਰੋਪੜ (85 ਕਿਲੋਮੀਟਰ) ਨਾਲ ਜੋੜਨ ਦੀ ਤਜਵੀਜ਼ ਦਿੱਤੀ ਗਈ ਹੈ। ਰੋਪੜ ਤੋਂ ਮਨਾਲੀ ਤਕ ਦਾ ਰਸਤਾ ਪਹਿਲਾਂ ਹੀ 4 ਮਾਰਗੀ ਬਣਾਇਆ ਜਾ ਰਿਹਾ ਹੈ। ਗ੍ਰੀਨਫੀਲਡ ਦੀ ਤਜਵੀਜ਼ ਨਾਲ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ ਵੇਅ ਹੁਣ ਮਨਾਲੀ ਅਤੇ ਲੇਹ ਨੂੰ ਵਿਕਲਪਿਕ ਸੰਪਰਕ ਪ੍ਰਦਾਨ ਕਰੇਗਾ।
ਇਹ ਵੀ ਕਿਹਾ ਗਿਆ ਹੈ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਐਕਸਪ੍ਰੈਸ ਵੇਅ ਨਾਲ ਜੋੜਨ ਲਈ ਲੁਧਿਆਣਾ-ਰੋਪੜ ਸੜਕ ਤੋਂ ਖਰੜ (ਚੰਡੀਗੜ੍ਹ) ਤੱਕ ਗ੍ਰੀਨਫੀਲਡ ਸਪੂਰ (20 ਕਿਲੋਮੀਟਰ) ਦੀ ਤਜਵੀਜ਼ ਹੈ। ਪ੍ਰਸਤਾਵਿਤ ਸੰਪਰਕ ਜੋੜਨ ਨਾਲ ਚੰਡੀਗੜ੍ਹ-ਅੰਮ੍ਰਿਤਸਰ ਦਾ ਮੌਜੂਦਾ 4 ਘੰਟੇ ਦਾ ਸਫਰ ਸਿਰਫ 2 ਘੰਟੇ ਦਾ ਰਹਿ ਜਾਵੇਗਾ। ਪ੍ਰਸਤਾਵਿਤ ਸੜਕ ਫਲੈਗਸ਼ਿਪ ਭਾਰਤਮਾਲਾ ਪਰਿਯੋਜਨ ਯੋਜਨਾ ਦੇ ਤਹਿਤ ਬਣਾਈ ਜਾ ਰਹੀ ਹੈ ਅਤੇ ਇਸ ਵਿਚ ਲਗਭਗ 4,000 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੋਵੇਗਾ।