ਹਰਦਮ ਮਾਨ
ਸਰੀ, 2 ਅਗਸਤ 2020 - ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ-ਡੈਲਟਾ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਮਹਾਨ ਕੁਰਬਾਨੀ ਦੇਣ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦਾ 134ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਮੁੱਖ ਬੁਲਾਰੇ ਅਤੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਸ. ਜੈਤੇਗ ਸਿੰਘ ਅਨੰਤ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਜੀਵਨ, ਪ੍ਰਾਪਤੀਆਂ, ਸਿੱਖੀ ਜਜ਼ਬੇ, ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਪਾਏ ਯੋਗਦਾਨ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਵ. ਫੇਰੂਮਾਨ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਸਨ ਅਤੇ ਉਹ ਸਿੱਖਾਂ ਦੀ ਅਰਦਾਸ ਦੇ ਸੰਕਲਪ ਅਤੇ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਨ੍ਹਾਂ 1924 ਵਿਚ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਲੱਗੇ ਜੈਤੋ ਦੇ ਮੋਰਚੇ ਵਿਚ ਹਿੱਸਾ ਲਿਆ, ਭਾਰਤ ਦੀ ਨਾਮਿਲਵਰਤਣ ਲਹਿਰ ਅਤੇ ਭਾਰਤ ਛੱਡੋ ਅੰਦੋਲਨ ਵਿਚ ਯੋਗਦਾਨ ਪਾਇਆ ਅਤੇ ਕਈ ਵਾਰ ਜੇਲ੍ਹ ਯਾਤਰਾ ਕੀਤੀ।
ਸ. ਅਨੰਤ ਨੇ ਕਿਹਾ ਕਿ ਸ. ਦਰਸ਼ਨ ਸਿੰਘ ਫੇਰੂਮਾਨ ਨੇ ਅਰਦਾਸ ਦੇ ਸੰਕਲਪ ਉਪਰ ਪਹਿਰਾ ਦਿੰਦਿਆਂ ਆਪਣੀ ਸ਼ਹਾਦਤ ਦਿੱਤੀ ਅਤੇ ਅਰਦਾਸ ਦੀ ਮਹਾਨਤਾ ਨੂੰ ਦੁਨੀਆਂ ਭਰ ਵਿਚ ਬੁਲੰਦੀਆਂ ਤੇ ਪੁਚਾਇਆ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ 74 ਦਿਨ ਦੀ ਭੁੱਖ ਹੜਤਾਲ ਕੱਟੀ ਅਤੇ ਆਪਣਾ ਜੀਵਨ ਨਿਸ਼ਾਵਰ ਕੀਤਾ, ਉਹ ਅੱਜ ਤੱਕ ਵੀ ਨਹੀਂ ਮੰਨੀਆਂ ਗਈਆਂ ਅਤੇ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਦੀਆਂ ਗੱਲਾਂ ਕਰਨ ਵਾਲੀਆਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੇ ਆਗੂ ਸੱਤਾ ਦੇ ਨਜ਼ਾਰੇ ਤਾਂ ਮਾਣਦੇ ਹਨ ਪਰ ਉਸ ਮਹਾਨ ਯੋਧੇ ਦੀ ਸ਼ਹਾਦਤ ਨੂੰ ਉੱਕਾ ਹੀ ਵਿਸਾਰ ਚੁੱਕੇ ਹਨ। ਸਾਡੇ ਲਈ ਇਸ ਤੋਂ ਵੱਡਾ ਸੰਤਾਪ ਹੋਰ ਕੀ ਹੋਵੇਗਾ ਕਿ ਸ਼ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਉਸ ਮਹਾਨ ਸਪੂਤ ਦੀ ਕੋਈ ਯਾਦਗਾਰ ਵੀ ਕਾਇਮ ਨਹੀਂ ਕੀਤੀ। ਉਨ੍ਹਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਸ. ਦਰਸ਼ਨ ਸਿੰਘ ਫੇਰੂਮਾਨ ਨੂੰ ਯਾਦ ਕਰਨ ਦਾ ਉਪਰਾਲਾ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਕੱਤਰ ਗੁਰਮੀਤ ਸਿੰਘ ਤੂਰ ਨੇ ਸ. ਦਰਸ਼ਨ ਸਿੰਘ ਫੇਰੂਮਾਨ ਨੂੰ ਸਿਜਦਾ ਕਰਦਿਆਂ ਉਨ੍ਹਾਂ ਨੂੰ ਸਿਰੜੀ ਅਤੇ ਸਿਦਕਵਾਨ ਸੂਰਮਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਸਿੱਖਾਂ ਨਾਲ ਹੋ ਰਹੀਆਂ ਵਧੀਕਿਆਂ ਅਤੇ ਅਨਿਆਂ ਵਿਰੁੱਧ ਸੰਘਰਸ਼ ਦਾ ਝੰਡਾ ਬੁਲੰਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com