ਗੁਰ ਰੰਧਾਵਾ
ਤਰਨਤਾਰਨ, 2 ਅਗਸਤ 2020 - ਜ਼ਿਲ੍ਹੇ ਦੇ ਕਸਬਾ ਝਬਾਲ ਪੁੱਖਤਾ ਵਿਖੇ ਤਿੰਨ ਨੌਜਵਾਨਾਂ ਨੇ ਮਿਲਕੇ ਇਕ ਮਿਹਨਤ ਮਜ਼ਦੂਰੀ ਕਰਨ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ। ਇਸ ਸਬੰਧੀ ਝਬਾਲ ਪੁਲਸ ਨੇ ਹੱਤਿਆ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਸੁਖਬੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਹਰਦੀਪ ਸਿੰਘ ਜਿਸ ਨੇ ਆਪਣੀ ਲੈਂਟਰ ਪਾਉਣ ਵਾਲੀ ਮਸ਼ੀਨ ਲਈ ਹੋਈ ਸੀ ਤੇ ਲੈਂਟਰ ਪਾਉਣ ਦਾ ਕੰਮ ਕਰਦਾ ਸੀ। ਬੀਤੀ ਸ਼ਾਮ ਵੀ ਉਹ ਪਿੰਡ ਵਿਚ ਬਣ ਰਹੇ ਕੋਠਿਆਂ ਦੇ ਲੈਂਟਰ ਲਈ ਮਸ਼ੀਨ ਫਿੱਟ ਕਰ ਰਿਹਾ ਸੀ ਕਿ ਪਿੰਡ ਦੇ ਹੀ ਤਿੰਨ ਨੌਜਵਾਨ ਦਾਲਾ ਪੁੱਤਰ ਖੋਜੀ ਖੂਹ, ਜੌਨੀ ਪੁੱਤਰ ਖੋਜੀ ਖੂਹ ਅਤੇ ਕਾਲੂ ਪੁੱਤਰ ਲਾਲੀ ਨਾਲ ਉਸ ਦਾ ਕਿਸੇ ਗੱਲ ਨੂੰ ਲੈਕੇ ਤਕਰਾਰ ਹੋ ਗਿਆ, ਜਿਸ ’ਤੇ ਦੋ ਨੌਜਵਾਨਾਂ ਨੇ ਉਸਦੇ ਪਤੀ ਨੂੰ ਫੜ ਲਿਆ ਅਤੇ ਇਕ ਨੇ ਸਿਰ ਵਿਚ ਲੱਕੜ ਦਾ ਬਾਲਾ ਸਿਰ ਵਿਚ ਮਾਰ ਦਿੱਤਾ ਅਤੇ ਉਹ ਲਹੂ ਨਾਲ ਲੱਥ ਪੱਥ ਹੋ ਗਿਆ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਪ੍ਰੰਤੂ ਹਰਦੀਪ ਸਿੰਘ ਦੇ ਸਿਰ ਵਿਚ ਜ਼ਖਮ ਜਿਆਦਾ ਹੋਣ ਕਾਰਨ ਉਸਦੀ ਮੌਤ ਹੋ ਗਈ। ਇਸ ਸਬੰਧੀ ਐਡੀਸ਼ਨਲ ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੀ ਪਤਨੀ ਸੁਖਬੀਰ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਉਕਤ ਤਿੰਨਾਂ ਨੌਜਵਾਨਾਂ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ ਅਤੇ ਜਲਦ ਹੀ ਉਨਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।