100 ਸਾਲਾ ਪੁਰਾਤਨ ਸਰੂਪ ਦੇ ਗੁੰਮ ਹੋਣ ਦਾ ਮਾਮਲਾ :
ਸ਼੍ਰੋਮਣੀ ਕਮੇਟੀ ਦੀ ਟੀਮ ਗੁਰਦੁਆਰਾ ਅਰਦਾਸਪੁਰਾ ਵਿਖੇ ਪੁੱਜੀ
ਗਠਿਤ ਟੀਮ ਨੇ ਪੰਜ ਘੰਟੇ ਦੇ ਕਰੀਬ ਕੀਤੀ ਪੜਤਾਲ, ਬਿਆਨ ਕੀਤੇ ਕਲਮਬੱਧ
ਪਲੇਠੀ ਰਿਪੋਰਟ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਭੇਜਾਂਗਾ : ਗਠਿਤ ਟੀਮ
ਪਟਿਆਲਾ 3 ਅਗਸਤ, 2020 :
ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ100 ਸਾਲਾ ਪੁਰਾਤਨ ਸਰੂਪ ਗੁੰਮ ਹੋਣ ਦੇ ਮਾਮਲਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ, ਜਿਸ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜ ਮੈਂਬਰੀ ਟੀਮ ਦਾ ਗਠਨ ਕੀਤੇ ਜਾਣ ਤੋਂ ਬਾਅਦ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਦੀ ਅਗਵਾਈ 'ਚ ਗਠਿਤ ਕੀਤੀ ਟੀਮ ਦੇ ਮੈਂਬਰ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਖੇ ਪੁੱਜੇ।
ਗੁਰਦੁਆਰਾ ਅਰਦਾਸਪੁਰਾ ਵਿਖੇ ਗਠਿਤ ਟੀਮ ਦੇ ਪੁੱਜਣ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਕਮੇਟੀ ਮੈਂਬਰਾਂ ਆਦਿ ਮੌਕੇ 'ਤੇ ਮੌਜੂਦ ਸਨ। ਗੁਰਦੁਆਰਾ ਸਾਹਿਬ ਵਿਖੇ ਕਮੇਟੀ ਮੈਂਬਰਾਂ ਨਾਲ ਸਾਢੇ ਪੰਜ ਦੇ ਕਰੀਬ ਮੀਟਿੰਗ ਚੱਲੀ। ਇਸ ਦੌਰਾਨ ਟੀਮ ਨੇ ਜਾਂਚ ਪੜਤਾਲ ਦੌਰਾਨ ਗ੍ਰੰਥੀ ਸਿੰਘਾਂ, ਕਮੇਟੀ ਮੈਂਬਰਾਂ ਅਤੇ ਪਿੰਡ ਦੀਆਂ ਸੰਗਤਾਂ ਨਾਲ ਦੀਰਘ ਵਿਚਾਰਾਂ ਕੀਤੀਆਂ। ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਰੀਆਂ ਧਿਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ, ਪਰ ਸਰੂਪ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਕਲਮਬੱਧ ਕੀਤੇ ਬਿਆਨਾਂ ਦੇ ਆਧਾਰ 'ਤੇ ਕਮੇਟੀ ਆਪਣੀ ਪਲੇਠੀ ਰਿਪੋਰਟ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਭੇਜ ਰਹੀ ਹੈ ਅਤੇ ਅਗਲੇਰੀ ਜਾਂਚ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਧਰਮ ਪ੍ਰਚਾਰ ਕਮੇਟੀ ਵੱਲੋਂ ਪਰਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਆਦਿ ਵੀ ਹਾਜ਼ਰ ਸਨ।
ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਿਛਾਵਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25 ਸਰੂਪ ਹਨ ਅਤੇ ਇਕ ਸਫ਼ਰੀ ਸਰੂਪ ਜੋ ਸੰਤ ਬਾਬਾ ਕਿਰਪਾਲ ਸਿੰਘ ਦੇ ਵੇਲੇ ਦ ਗੁਰਦੁਆਰਾ ਸਾਹਿਬ ਵਿਖੇ ਸ਼ੁਸ਼ੋਭਿਤ ਸੀ, ਜਿਸ ਨੂੰ ਸੰਗਤਾਂ ਦੇ ਦਰਸ਼ਨ ਕਰਵਾਏ ਜਾਂਦੇ ਸਨ ਅਤੇ ਇਹ ਸਫ਼ਰੀ ਸਰੂਪ ਵੀ ਸ੍ਰੀ ਗ੍ਰੰਥ ਸਾਹਿਬ ਜੀ ਦੇ ਬਾਕੀ ਸਰੂਪਾਂ ਨਾਲ ਪਿਆ ਸੀ, ਜੋ ਸਿਰਫ਼ ਦੂਰਬੀਨ ਨਾਲ ਪੜ੍ਹਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਬਾਬਾ ਸੋਹਣ ਸਿੰਘ ਅਤੇ ਹੈਡ ਗ੍ਰੰਥੀ ਸਤਨਾਮ ਸਿੰਘ ਪਾਸੋਂ ਪੁੱਛ ਪੜਤਾਲ ਕੀਤੀ ਗਈ, ਪਰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੁੱਜੀ ਟੀਮ ਨੂੰ ਕਮੇਟੀ ਹਰ ਸੰਭਵ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਆਪਣੇ ਪੱਧਰ 'ਤੇ ਇਹ ਸਾਰਾ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਵੀ ਕਰ ਚੁੱਕੀ ਹੈ ਅਤੇ ਸੀ ਸੀ ਟੀਵੀ ਕੈਮਰਿਆਂ ਤੱਕ ਨੂੰ ਵੀ ਖੰਘਾਲਿਆ ਜਾ ਰਿਹਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਹ ਮਸਲਾ ਬੇਸ਼ੱਕ ਪੁਲਿਸ ਦੇ ਧਿਆਨ ਵਿਚ ਹੈ ਪਰ ਅਜੇ ਤੱਕ ਕਿਸੇ ਪ੍ਰਬੰਧਕ ਜਾਂ ਸ਼੍ਰੋਮਣੀ ਕਮੇਟੀ ਨੇ ਪੁਲਿਸ ਕੋਲ ਰਸਮੀ ਸ਼ਿਕਾਇਤ ਦਰਜ ਨਹੀਂ ਕਰਾਈ .