ਜ਼ਮਾਨਤ ਦੇਣ ਲੱਗੇ ਅਦਾਲਤ ਨੇ ਲਾਈ ਸ਼ਰਤ, ਜਿਸਨੂੰ ਛੇੜਿਆ ਸੀ, ਉਸ ਕੋਲੋਂ ਬੰਨਵਾਓ ਰੱਖੜੀ
ਇੰਦੌਰ, 3 ਅਗਸਤ, 2020 : ਮੱਧ ਪ੍ਰਦੇਸ਼ ਹਾਈ ਕੋਰਟ ਦੇ ਇੰਦੌਰ ਬੈਂਚ ਨੇ ਮਹਿਲਾ ਨਾਲ ਛੇੜਖਾਨੀ ਕਰਨ ਦੇ ਇਕ ਦੋਸ਼ੀ ਨੂੰ ਜ਼ਮਾਨਤ ਦੇਣ ਲੱਗਿਆਂ ਇਕ ਨਿਵੇਕਲੀ ਸ਼ਰਤ ਰੱਖ ਦਿੱਤੀ ਹੈ। ਅਦਾਲਤ ਨੇ ਮੁਲਜ਼ਮ ਨੂੰ ਆਖਿਆ ਹੈ ਕਿ ਉਹ ਰੱਖੜੀ ਵਾਲੇ ਦਿਨ ਸ਼ਿਕਾਇਤਕਰਤਾ ਤੋਂ ਰੱਖੜੀ ਬੰਨਵਾਵੇ ਅਤੇ ਉਸਨੂੰ ਭਰੋਸਾ ਦੇਵੇ ਕਿ ਉਹ ਭਵਿੱਖ ਵਿਚ ਉਸਦੀ ਰਾਖੀ ਕਰਦਾ ਰਹੇਗਾ। ਅਦਾਲਤ ਨੇ ਦੋਸ਼ੀ ਵਿਕਰਮ ਬਾਗੜੀ ਨੂੰ ਆਖਿਆ ਹੈ ਕਿ ਉਹ ਰੱਖੜੀ 'ਤੇ ਭਰਾ ਵੱਲੋਂ ਭੈਣ ਨੂੰ ਦਿੱਤੇ ਜਾਂਦੇ ਸ਼ਗਨ ਵਜੋਂ 11000 ਰੁਪਏ ਸ਼ਿਕਾਇਤ ਕਰਤਾ ਮਹਿਲਾ ਨੂੰ ਦੇਵੇ। ਜੱਜ ਰੋਹਿਤ ਆਰਿਆ ਨੇ ਕਿਹਾ ਕਿ ਰੱਖੜੀ ਵਾਲੇ ਦਿਨ ਮੁਲਜ਼ਮ ਆਪਣੀ ਪਤਨੀ ਨੂੰ ਨਾਲ ਲੈ ਕੇ ਸਵੇਰੇ 11.00 ਵਜੇ ਸ਼ਿਕਾਇਤਕਰਤਾ ਦੇ ਘਰ ਜਾਵੇਗਾ ਅਤੇ ਉਸ ਤੋਂ ਰੱਖੜੀ ਬੰਨਵਾਵੇਗਾ ਤੇ ਉਸਦੀ ਰਾਖੀ ਦਾ ਵਚਨ ਦੇਵੇਗਾ। ਮਹਿਲਾ ਨੂੰ 11 ਹਜ਼ਾਰ ਰੁਪਏ ਤੋਂ ਅਲੱਗ ਉਸਦੇ ਲੜਕੇ ਲਈ 5 ਹਜ਼ਾਰ ਰੁਪਏ ਕਪੜੇ ਆਦਿ ਖਰੀਦਣ ਲਈ ਦੇਵੇਗਾ।
ਬਾਗੜੀ 'ਤੇ ਇੰਦੌਰ ਤੋਂ 55 ਕਿਲੋਮੀਟਰ ਦੂਰ ਉਜੈਨ ਵਿਚ ਇਕ 30 ਸਾਲਾ ਮਹਿਲਾ ਦੇ ਘਰ ਦਾਖਲ ਹੋ ਕੇ ਉਸ ਨਾਲ ਜਬਰ ਜਿਨਾਹ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਧਾਰਾ 354 ਆਈ ਪੀ ਐਸ ਤਹਿਤ ਉਸਦੇ ਖਿਲਾਫ ਕੇਸ ਦਰਜ ਹੋਇਆ ਸੀ।