ਖਾਣ ਪੀਣ ਦੀਆਂ ਵਸਤਾਂ ਦੀ ਜਾਂਚ ਕਰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ
ਮਿਲਾਵਟੀ ਮਠਿਆਈਆਂ ਵੇਚਣ 'ਤੇ ਹੋਵੇਗੀ ਸਖ਼ਤ ਕਾਰਵਾਈ : ਜ਼ਿਲ੍ਹਾ ਸਿਹਤ ਅਫ਼ਸਰ
ਮੋਹਾਲੀ, 3 ਅਗਸਤ 2020 : ਲੋਕਾਂ ਲਈ ਸ਼ੁੱਧ, ਸਾਫ਼-ਸੁਥਰੀਆਂ ਅਤੇ ਮਿਆਰੀ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੀ ਫ਼ੂਡ ਸੇਟਫ਼ੀ ਟੀਮ ਨੇ ਜ਼ੀਰਕਪੁਰ ਵਿਖੇ ਮਠਿਆਈ ਦੀਆਂ ਦੁਕਾਨਾਂ 'ਤੇ ਜਾ ਕੇ ਖਾਣ-ਪੀਣ ਦੀਆਂ ਚੀਜ਼ਾਂ ਦੀ ਜਾਂਚ ਕੀਤੀ ਅਤੇ ਮਠਿਆਈ ਤੇ ਪਨੀਰ ਦੇ ਸੈਂਪਲ ਲਏ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਟੀਮ ਨੇ ਸੜਕਾਂ ਕੰਢੇ ਰੇਹੜੀਆਂ-ਫੜ੍ਹੀਆਂ ਆਦਿ 'ਤੇ ਵੇਚੀਆਂ ਜਾਣ ਵਾਲੀਆਂ ਚੀਜ਼ਾ ਦੀ ਵੀ ਜਾਂਚ ਕੀਤੀ। ਡਾ. ਸੁਭਾਸ਼ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਨੇ ਚੀਜ਼ਾਂ ਦੀ ਮਿਆਦ ਅਤੇ ਮਿਆਰ ਨੂੰ ਪਰਖਿਆ ਅਤੇ ਨਾਲ ਹੀ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂੰ ਕਰਾਇਆ। ਉਨ੍ਹਾਂ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਮਿਲਾਵਟੀ ਚੀਜ਼ਾਂ ਵੇਚਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੁਕਾਨ ਦਾ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਟੀਮ ਨੇ ਮਠਿਆਈ ਦੀਆਂ ਕੁੱਝ ਦੁਕਾਨਾਂ ਦੀ ਰਸੋਈ ਦੀ ਵੀ ਜਾਂਚ ਕੀਤੀ ਅਤੇ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਯਕੀਨੀ ਕਰਨ ਦੀਆਂ ਹਦਾਇਤਾਂ ਦਿਤੀਆਂ।
ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਜਾਣਕਾਰੀ ਦਿਤੀ ਗਈ। ਉਨ੍ਹਾਂ ਨੂੰ ਦਸਿਆ ਗਿਆ ਕਿ ਮਾਸਕ, ਕਪੜੇ, ਰੁਮਾਲ, ਚੁੰਨੀ ਆਦਿ ਨਾਲ ਮੂੰਹ ਢੱਕ ਕੇ ਰਖਣਾ ਲਾਜ਼ਮੀ ਹੈ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਕੋਲੋਂ ਜੁਰਮਾਨਾ ਵਸੂਲਿਆ ਜਾਵੇਗਾ। ਦੁਕਾਨਦਾਰਾਂ ਨੂੰ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਬਾਰੇ ਵੀ ਜਾਣਕਾਰੀ ਦਿਤੀ ਗਈ। ਦੁਕਾਨਦਾਰਾਂ ਨੂੰ ਉਕਤ ਕਾਨੂੰਨ ਤਹਿਤ ਰਜਿਸਟਰੇਸ਼ਨ ਕਰਾਉਣ ਲਈ ਕਿਹਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣ ਦੀ ਹਦਾਇਤ ਦਿਤੀ ਗਈ। ਮੋਬਾਈਲ ਫ਼ੂਡ ਸੇਟਫ਼ੀ ਵੈਨ ਨੇ ਵੱਖ-ਵੱਖ ਦੁਕਾਨਾਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਦੇ ਸੈਂਪਲ ਲਏ।
ਡੀ.ਐਚ.ਓ. ਨੇ ਕਿਹਾ ਕਿ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਲਈ ਵੀ ਆਖਿਆ ਗਿਆ। ਉਨ੍ਹਾਂ ਕਿਹਾ ਕਿ ਚੈਕਿੰਗ ਦਾ ਮਤਲਬ ਕਿਸੇ ਨੂੰ ਤੰਗ-ਪਰੇਸ਼ਾਨ ਕਰਨਾ ਨਹੀਂ ਸਗੋਂ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਦਰਜੇ ਦੇ ਭੋਜਨ ਪਦਾਰਥ ਉਪਲਬਧ ਕਰਾਉਣ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਵੀ ਕੀਤੀ। ਟੀਮ ਵਿਚ ਫ਼ੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ ਵੀ ਸ਼ਾਮਲ ਸਨ।