ਚੰਡੀਗੜ੍ਹ : ਸਰਕਾਰੀ ਸਕੂਲਾਂ 'ਚ 11ਵੀਂ ਕਲਾਸ ਦੀਆਂ 12815 ਸੀਟਾਂ ਲਈ ਆਈਆਂ 14723 ਅਰਜ਼ੀਆਂ
ਚੰਡੀਗੜ੍ਹ, 3 ਅਗਸਤ, 2020 : ਚੰਡੀਗੜ੍ਹ ਵਿਚ ਸਰਕਾਰੀ ਸਕੂਲਾਂ ਵਿਚ 11ਵੀਂ ਕਲਾਸ ਦੇ ਦਾਖਲੇ ਲਈ ਆਨਲਾਈਨ ਰਜਿਸਟਰੇਸ਼ਨ ਸੋਮਵਾਰ ਨੂੰ ਬੰਦ ਹੋ ਗਈ ਜਿਸ ਦੌਰਾਨ 14723 ਅਰਜ਼ੀਆਂ ਮਿਲੀਆਂ ਹਨ ਜਿਹਨਾਂ ਦੀ ਹੁਣ ਵੱਖ ਵੱਖ ਸਟ੍ਰੀਮਜ਼ ਦੀ ਅਲਾਟਮੈਂਟ ਵਾਸਤੇ ਕੌਂਸਲਿੰਗ ਕੀਤੀ ਜਾਵੇਗੀ। ਸ਼ਹਿਰ ਦੇ 40 ਸਕੂਲਾਂ ਵਿਚ 11ਵੀਂ ਦੀਆਂ 12815 ਸੀਟਾਂ ਹਨ ਜਿਸ ਵਿਚੋਂ 6420 ਆਰਟਸ, 3080 ਮੈਡੀਕਲ ਤੇ ਨਾਨ ਮੈਡੀਕਲ, 1755 ਵੋਕੇਸ਼ਨਲ ਕੋਰਸਾਂ ਲਈ ਤੇ 1560 ਕਾਮਰਸ ਲਈ ਹਨ। ਪਿਛਲੇ ਸਾਲ ਵਿਭਾਗ ਨੂੰ ਦਾਖਲੇ ਲਈ 18775 ਅਰਜ਼ੀਆਂ ਮਿਲੀਆਂ ਸਨ। ਇਸ ਸਾਲ 17502 ਵਿਦਿਆਰਥੀਆਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਸੀ ਪਰ ਸਿਰਫ 14723 ਹੀ ਫਾਰਮ ਭਰ ਕੇ 130 ਰੁਪਏ ਰਜਿਸਟਰੇਸ਼ਨ ਫੀਸ ਭਰ ਸਕੇ।
ਡਾਇਰੈਕਟਰ ਸਕੂਲ ਸਿੱਖਿਆ ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਜਿਹਨਾਂ ਨੇ ਫਾਰਮੈਲਟੀਆਂ ਪੂਰੀਆਂ ਨਹੀਂ ਕੀਤੀਆਂ, ਉਹ ਕੌਂਸਲਿੰਗ ਲਈ ਯੋਗ ਨਹੀਂ ਹੋਣਗੇ। ਵਿਦਿਆਰਥੀਆਂ ਦੀ ਮਦਦ ਲਈ 20 ਸਰਕਾਰੀ ਸਕੂਲਾਂ ਵਿਚ ਰਜਿਸਟਰੇਸ਼ਨ ਤੇ ਹੈਲਪ ਡੈਸਕ ਬਣਾਏ ਗਏ ਸਨ।