ਜੀ ਐਸ ਪੰਨੂ
- ਜ਼ਿਲ੍ਹਾ ਹਸਪਤਾਲ ਵਿੱਚ ਸਿਹਤ ਸੇਵਾਵਾਂ ਸਬੰਧੀ ਹੋਇਆ ਵੱਡਾ ਸੁਧਾਰ: ਨਾਗਰਾ
ਫ਼ਤਹਿਗੜ੍ਹ ਸਾਹਿਬ, 04 ਅਗਸਤ 2020 - ਜ਼ਿਲ੍ਹੇ ਵਿਚਲੀਆਂ ਸਿਹਤ ਸਹੂਲਤਾਂ ਵਿੱਚ ਵਾਧਾ ਕਰਦਿਆਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਜ਼ਿਲ੍ਹਾ ਹਸਪਤਾਲ ਵਿਖੇ 53 ਲੱਖ ਤੋਂ ਵੱਧ ਦੀਆਂ ਤਿੰਨ ਐਂਬੂਲੈਂਸਾਂ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕਿਹਾ ਕਿ ਸ਼ਹੀਦਾਂ ਦੀ ਇਸ ਮਹਾਨ ਧਰਤੀ ਦੀ ਜਿੰਨੀ ਸੇਵਾ ਕੀਤੀ ਜਾਵੇ, ਓਨੀ ਥੋੜ੍ਹੀ ਹੈ ਤੇ ਉਹ ਇਸ ਧਰਤੀ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਕੇ ਕੰਮ ਕਰਦੇ ਰਹਿਣਗੇ।
ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਡਾ. ਅਮਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਉਹ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਰੱਖਦੇ ਹਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੋਵਿਡ ਦੇ ਮੱਦੇਨਜ਼ਰ ਇੱਥੇ ਐਂਬੂਲੈਂਸਾਂ ਦੀ ਲੋੜ ਹੈ ਤਾਂ ਜੋ ਮਰੀਜ਼ ਨੂੰ ਵੇਲੇ ਸਿਰ ਸਿਹਤ ਸਹੂਲਤਾਂ ਮੁਹੱਈਆ ਕਰਵਾ ਕੇ ਉਸ ਦੀ ਜਾਨ ਬਚਾਈ ਜਾ ਸਕੇ। ਇਸੇ ਤਹਿਤ ਹੀ ਉਨ੍ਹਾਂ ਨੇ ਆਪਣੇ ਐਮ.ਪੀ. ਲੈਡ ਫੰਡ ਵਿੱਚੋਂ ਐਂਬੂਲੈਂਸਾਂ ਦਿੱਤੀਆਂ ਹਨ। ਅੱਗੇ ਵੀ ਉਹ ਲੋਕਾਂ ਦੀ ਸੇਵਾ ਲਈ ਲਗਾਤਾਰ ਕੰਮ ਕਰਦੇ ਰਹਿਣਗੇ।
ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਇਨ੍ਹਾਂ ਤਿੰੰਨ ਐਂਬੂਲੈਂਸਾਂ ਵਿੱਚੋਂ ਇੱਕ ਐਂਬੂਲੈਂਸ, ਜੋ ਕਿ ਐਡਵਾਂਸਡ ਲਾਈਫ ਸਪੋਰਟ ਸਿਸਟਮ ਨਾਲ ਲੈਸ ਹੈ, ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ। ਇਸ ਨਾਲ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣ ਦੇ ਸਮੇਂ ਦੌਰਾਨ ਵੀ ਉਸ ਦੀ ਜਾਨ ਬਚਾਉਣ ਲਈ ਅਤਿ ਆਧੁਨਿਕ ਮਸ਼ੀਨਾਂ ਲਾਈਆਂ ਗਈਆਂ ਹਨ।
ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਦੂਰ ਅੰਦੇਸ਼ ਸੋਚ ਸਦਕਾ ਜ਼ਿਲ੍ਹਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਸਬੰਧੀ ਵੱਡੇ ਪੱਧਰ ਉਤੇ ਵਿਕਾਸ ਹੋਇਆ ਹੈ। ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ, ਓ.ਪੀ.ਡੀ., ਗਾਇਨੀ, ਆਰੋਥੋ ਸਬੰਧੀ ਵੱਡੇ ਪੱਧਰ ਉਤੇ ਸੁਧਾਰ ਹੋਇਆ ਤੇ ਵੈਂਟੀਲੇਟਰ ਤੇ ਐਕਸਰੇਅ ਮਸ਼ੀਨਾਂ ਸਮੇਤ ਵੱਖ ਵੱਖ ਆਧੁਨਿਕ ਮਸ਼ੀਨਾਂ ਹਸਪਤਾਲ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਹਿ ਤਹਿਤ ਐਂਬੂਲੈਂਸਾਂ ਮੁਹੱਈਆ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਸ ਨਾਲ ਜ਼ਿਲ੍ਹੇ ਵਿਚਲੀਆਂ ਸਿਹਤ ਸਹੂਲਤਾਂ ਵਿੱਚ ਤਾਂ ਵਾਧਾ ਹੋਇਆ ਹੀ ਹੈ, ਸਗੋਂ ਇਸ ਨਾਲ ਕੋਰੋਨਾ ਖਿਲਾਫ ਜੰਗ ਵਿੱਚ ਵੀ ਵੱਡੀ ਮਦਦ ਮਿਲੇਗੀ।
ਇਸ ਦੌਰਾਨ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਮਿਸ਼ਨ ਫ਼ਤਹਿ ਤਹਿਤ ਕੋਰੋਨਾ ਖਿਲਾਫ ਜੰਗ ਲੜ ਰਹੀ ਹੈ, ਜਿਸ ਦੀ ਕਾਮਯਾਬੀ ਲਈ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਇਸ ਲਈ ਲੋਕ ਪੰਜਾਬ ਸਰਕਾਰ ਦੀਆਂ ਕੋਰੋਨਾ ਤੋਂ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਿਸ਼ਨ ਫ਼ਤਹਿ ਦੀ ਕਾਮਯਾਬੀ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਡਾਇਰੈਕਟਰ ਸੁਭਾਸ਼ ਸੂਦ, ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ, ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਪੁੱਤਰ ਕਾਮਿਲ ਅਮਰ ਸਿੰਘ, ਐਸ.ਪੀ. ਨਵਰੀਤ ਸਿੰਘ ਵਿਰਕ, ਸਿਵਲ ਸਰਜਨ ਡਾ. ਐਨ.ਕੇ.ਅਗਰਵਾਲ, ਐਸ.ਐਮ.ਓ. ਡਾ. ਕੁਲਦੀਪ ਸਿੰਘ ਹਾਜ਼ਰ ਸਨ।