ਹਰਿੰਦਰ ਨਿੱਕਾ
- ਓ.ਆਰ.ਐਸ ਕਾਰਨਰਾਂ ਤੇ ਬੱਚਿਆਂ ਨੂੰ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ- ਡਾ. ਤੇਜਿੰਦਰ ਸਿੰਘ
- ਕੋਵਿਡ-19 ਦੇ ਚੱਲਦਿਆਂ ਵਿਸ਼ੇਸ਼ ਸਾਵਧਾਨੀਆਂ ਦਾ ਰੱਖਿਆ ਜਾਵੇਗਾ ਧਿਆਨ
ਸੰਗਰੂਰ, 4 ਅਗਸਤ 2020 - ਸਿਵਲ ਸਰਜਨ ਸੰਗਰੂਰ ਡਾ.ਰਾਜ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਕੌਹਰੀਆਂ ਡਾ.ਤੇਜਿੰਦਰ ਸਿੰਘ ਦੀ ਅਗਵਾਈ ਵਿਚ ਮਿਤੀ 5 ਅਗੱਸਤ ਤੋਂ 19 ਅਗਸਤ ਤੱਕ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਬਲਾਕ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਓ.ਆਰ.ਐਸ ਕਾਰਨਰ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਬੱਚਿਆਂ ਨੂੰ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ ਨੇ ਪੀ.ਐਚ.ਸੀ. ਕੌਹਰੀਆਂ ਵਿਖੇ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਮੌਤਾਂ ਇਸ ਮੌਸਮ ਵਿੱਚ ਦਸਤ ਲੱਗਣ ਕਾਰਨ ਹੁੰਦੀਆਂ ਹਨ। ਇਸ ਪੰਦਰਵਾੜੇ ਦੌਰਾਨ ਇਹ ਮੌਤਾਂ ਰੋਕਣ ਲਈ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਓ.ਆਰ.ਐਸ ਅਤੇ ਜਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ, ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖਣ, ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਅਤੇ ਪੀਣ ਲਈ ਸਾਫ਼ ਪਾਣੀ ਵਰਤਣ।
ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਸਾਵਧਾਨੀਆਂ ਧਿਆਨ ਵਿੱਚ ਰੱਖੀਆਂ ਜਾਣਗੀਆਂ।
ਇਸ ਮੌਕੇ ਦਰਸ਼ਨ ਸਿੰਘ ਮ ਪ ਸ, ਵੀਰ ਸਿੰਘ ਐਮ.ਪੀ.ਐਚ.ਡਬਲਿਉ, ਨਿੰਦਰ ਕੌਰ , ਸੁਖਦੀਪ ਕੌਰ, ਗੁਰਪਿਆਰ ਕੌਰ ਹਾਜ਼ਰ ਸਨ।